ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਮਈ
ਭਾਰਤ ਦੇ ਉੱਘੇ ਗਣਿਤ ਸ਼ਾਸਤਰੀ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਅਤੇ ਦਿ ਟ੍ਰਿਬਿਊਨ ਟਰੱਸਟ ਦੇ ਸਾਬਕਾ ਮੈਂਬਰ ਪ੍ਰੋ. ਆਰ.ਪੀ. ਬਾਂਬਾ ਨੂੰ ਅੱਜ ਇੱਕ ਸਮਾਗਮ ਦੌਰਾਨ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਪ੍ਰੋ. ਬਾਂਬਾ ਲੰਘੀ 26 ਮਈ ਨੂੰ 99 ਸਾਲਾਂ ਦੀ ਉਮਰ ’ਚ ਚਲਾਣਾ ਕਰ ਗਏ ਸਨ। ਇੱਥੇ ਸੈਕਟਰ-19 ਸਥਿਤ ਕਮਿਊਨਿਟੀ ਸੈਂਟਰ ’ਚ ਸਮਾਗਮ ਮੌਕੇ ਵੱਡੀ ਗਿਣਤੀ ’ਚ ਵਿਦਵਾਨਾਂ, ਸਾਬਕਾ ਵਿਦਿਆਰਥੀਆਂ, ਜੱਜਾਂ ਤੇ ਸਨੇਹੀਆਂ ਨੇ ਪ੍ਰੋ. ਆਰ.ਪੀ. ਬਾਂਬਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਸਮਾਗਮ ਮੌਕੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਪ੍ਰੋ. ਅਰੁਣ ਗਰੋਵਰ ਤੇ ਪ੍ਰੋ. ਕੇ.ਐੱਨ. ਪਾਠਕ, ਪੰਜਾਰੀ ਯੂੁਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਪ੍ਰੋ. ਬੀਐੱਸ ਘੁੰਮਣ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਸਣੇ ਕਈ ਉੱਘੀਆਂ ਸ਼ਖਸੀਅਤਾਂ ਤੋਂ ਇਲਾਵਾ ਪੀਜੀਆਈ ਦੇ ਸੇਵਾਮੁਕਤ ਡਾਕਟਰ, ਹਾਈ ਕੋਰਟ ਦੇ ਜੱਜ ਤੇ ਸੀਨੀਅਰ ਵਕੀਲ ਵੀ ਮੌਜੂਦ ਸਨ। ਪੰਜਾਬ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਸੇਵਾਮੁਕਤ ਪ੍ਰੋਫੈਸਰਾਂ ਨੇ ਪ੍ਰੋ. ਆਰ.ਪੀ. ਬਾਂਬਾ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਵਿੱਚ ਉਨ੍ਹਾਂ ਦੇ ਵਿਦਿਆਰਥੀ ਪ੍ਰੋ. ਰਜਿੰਦਰ ਜੀਤ ਹੰਸ-ਗਿੱਲ, ਪ੍ਰੋਫੈਸਰ ਮਧੂ ਰਾਕਾ ਤੇ ਪ੍ਰੋਫੈਸਰ ਸੁਦੇਸ਼ ਕੌਰ ਖੰਡੂਜਾ ਸ਼ਾਮਲ ਨੇ ਉਨ੍ਹਾਂ ਦੀ ਸ਼ਖਸੀਅਤ, ਮਾਰਗਦਰਸ਼ਨ ਤੇ ਨਿੱਘੇ ਸੁਭਾਅ ਨੂੰ ਯਾਦ ਕੀਤਾ।
ਸਮਾਗਮ ਦਾ ਲਾਈਵ ਪ੍ਰਸਾਰਨ ਵੀ ਕੀਤਾ ਗਿਆ ਤਾਂ ਜੋ ਦੇਸ਼-ਵਿਦੇਸ਼ ’ਚ ਬੈਠੇ ਪਰਿਵਾਰ ਤੇ ਦੋਸਤ ਵੀ ਪ੍ਰੋ. ਬਾਂਬਾ ਨੂੰ ਸ਼ਰਧਾਂਜਲੀ ਭੇਟ ਕਰ ਸਕਣ। ਪ੍ਰੋ. ਬਾਂਬਾ ਦੀਆਂ ਬੇਟੀਆਂ ਬਿੰਦੂ ਏ. ਬਾਂਬਾ ਤੇ ਸੁਚਾਰੂ ਖੰਨਾ ਨੇ ਆਪਣੇ ਪਿਤਾ ਦੇ ਜੀਵਨ ਨਾਲ ਸਬੰਧਤ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਉਹ ਬਹੁਤ ਬੁੱਧੀਮਾਨ ਤੇ ਦਿਆਲੂ ਸਨ, ਜਿਨ੍ਹਾਂ ਵਿੱਚ ਸਾਇੰਸ ਤੇ ਮੈਡੀਕਲ ਖੋਜ ਲਈ ਆਪਣਾ ਸਰੀਰ ਦਾਨ ਕਰਨ ਦੀ ਆਖਰੀ ਇੱਛਾ ਵੀ ਸ਼ਾਮਲ ਸੀ। ਇਸ ਦੌਰਾਨ ਬਿੰਦੂ ਨੇ ਇੱਕ ਸੰਖੇਪ ਕਵਿਤਾ ਵੀ ਪੜ੍ਹੀ ਜਿਸ ਵਿੱਚ ਦਰਸਾਇਆ ਗਿਆ ਕਿ ਉਨ੍ਹਾਂ ਦੇ ਪਿਤਾ ਦੀ ਆਤਮਾ ਅੱਜ ਵੀ ਜਿਊਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਆਰ.ਪੀ. ਬਾਂਬਾ ਦਾ ਜੀਵਨ ਅਸਧਾਰਨ ਪ੍ਰਤਿਭਾ ਤੇ ਅਥਾਹ ਮਾਨਵਤਾ ਨਾਲ ਲਬਰੇਜ਼ ਸੀ। ਉਹ ਇੱਕ ਅਜਿਹੀ ਵਿਰਾਸਤ ਛੱਡ ਗਏ ਹਨ ਜੋ ਆਉਣ ਵਾਲੇ ਕਈ ਸਾਲਾਂ ਤੱਕ ਅਕਾਦਮਿਕ ਤੇ ਵਿਅਕਤੀਗਤ ਦੋਵੇਂ ਖੇਤਰਾਂ ’ਚ ਕਾਇਮ ਰਹੇਗੀ।
ਸਮਾਗਮ ’ਚ ਸ਼ਹਿਰ ਦੇ ਕਾਰੋਬਾਰੀ ਤੇ ਕਾਨੂੰਨੀ ਭਾਈਚਾਰਿਆਂ ਵੱਲੋਂ ਕਾਰੋਬਾਰੀ ਵਿਕਰਮ ਹੰਸ ਤੇ ਕਾਰੋਬਾਰੀ ਅਨੂ ਬਾਂਸਲ, ਸੀਨੀਅਰ ਵਕੀਲ ਬਲਰਾਮ ਗੁਪਤਾ ਤੇ ਨਾਵਲਕਾਰ ਖੁਸ਼ਵੰਤ ਸਿੰਘ ਸ਼ਾਮਲ ਹੋਏ।