ਦਲਬਾਰਾ ਸਿੰਘ ਬਾਜਵਾ ਨੂੰ ਸ਼ਰਧਾਂਜਲੀਆਂ ਭੇਟ
ਜਗਮੋਹਨ ਸਿੰਘ
ਰੂਪਨਗਰ, 29 ਜੂਨ
ਸਮਾਜ ਸੇਵੀ ਸੁਖ਼ਦਰਸ਼ਨ ਸਿੰਘ ਬਾਜਵਾ, ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਪ੍ਰਾਪਰਟੀ ਕਾਰੋਬਾਰੀ ਮਨਮੋਹਨ ਸਿੰਘ ਬਾਜਵਾ ਅਤੇ ਪੰਚਾਇਤ ਯੂਨੀਅਨ ਜ਼ਿਲ੍ਹਾ ਰੂਪਨਗਰ ਦੇ ਸਾਬਕਾ ਪ੍ਰਧਾਨ ਬਿੱਟੂ ਬਾਜਵਾ ਦੇ ਪਿਤਾ ਦਲਬਾਰਾ ਸਿੰਘ ਨਮਿਤ ਸ਼ਰਧਾਂਜਲੀ ਸਮਾਰੋਹ ਅੱਜ ਪਿੰਡ ਰੋਡਮਾਜਰਾ ਚੱਕਲਾਂ ਦੇ ਗੁਰਦੁਆਰੇ ਵਿੱਚ ਹੋਇਆ। ਇਸ ਦੌਰਾਨ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ ਦੇ ਜਥੇ ਨੇ ਕੀਰਤਨ ਕੀਤਾ। ਅੰਤਿਮ ਅਰਦਾਸ ਤੋਂ ਬਾਅਦ ਦਵਿੰਦਰ ਸਿੰਘ ਬਾਜਵਾ ਨੇ ਆਪਣੇ ਪਿਤਾ ਦੀ ਜੀਵਨੀ ਸਬੰਧੀ ਜਾਣੂ ਕਰਵਾਇਆ। ਇਸ ਉਪਰੰਤ ਵਿਧਾਇਕ ਡਾ. ਚਰਨਜੀਤ ਸਿੰਘ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਪ੍ਰੇਮ ਸਿੰਘ ਚੰਦੂਮਾਜਰਾ, ਜੀਤੀ ਪਡਿਆਲਾ ਨੇ ਸੰਬੋਧਨ ਕੀਤਾ। ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪਰਿਵਾਰ ਵੱਲੋਂ ਸੰਗਤ ਦਾ ਧੰਨਵਾਦ ਕੀਤਾ। ਇਸ ਦੌਰਾਨ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਰੂਪਨਗਰ, ਸੰਤ ਅਵਤਾਰ ਸਿੰਘ ਧੂਲਕੋਟ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਬਾਬਾ ਸਾਹਿਬ ਸਿੰਘ ਮਾਰਕੰਡਾ ਸਣੇ ਰਾਜਨੀਤਿਕ, ਸਮਾਜਿਕ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਸਣੇ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ। ਸਮਾਗਮ ਦੌਰਾਨ ਕੀਰਤਨ ਕਰਦਾ ਹੋਇਆ ਜਥਾ।