ਡਿਊਟੀ ਦੌਰਾਨ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ
ਚੰਡੀਗੜ੍ਹ ਪੁਲੀਸ ਨੇ ਪੁਲੀਸ ਯਾਦਗਾਰੀ ਦਿਵਸ ਮੌਕੇ ਸੈਕਟਰ-17 ਸਥਿਤ ਪੁਲੀਸ ਸਟੇਸ਼ਨ ਦੇ ਮੈਦਾਨ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਡੀਜੀਪੀ ਸਾਗਰਪ੍ਰੀਤ ਹੁੱਡਾ ਸਣੇ ਹੋਰਨਾਂ ਅਧਿਕਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ 2 ਮਿੰਟ ਦਾ ਮੌਨ ਰੱਖਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 1...
ਚੰਡੀਗੜ੍ਹ ਪੁਲੀਸ ਨੇ ਪੁਲੀਸ ਯਾਦਗਾਰੀ ਦਿਵਸ ਮੌਕੇ ਸੈਕਟਰ-17 ਸਥਿਤ ਪੁਲੀਸ ਸਟੇਸ਼ਨ ਦੇ ਮੈਦਾਨ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਡੀਜੀਪੀ ਸਾਗਰਪ੍ਰੀਤ ਹੁੱਡਾ ਸਣੇ ਹੋਰਨਾਂ ਅਧਿਕਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ 2 ਮਿੰਟ ਦਾ ਮੌਨ ਰੱਖਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 1 ਸਤੰਬਰ 2024 ਤੋਂ 31 ਅਗਸਤ 2025 ਤੱਕ ਦੇਸ਼ ਭਰ ਵਿੱਚ ਅਰਧ ਸੈਨਿਕ ਬਲ, ਪੁਲੀਸ ਮੁਲਾਜ਼ਮ ਸਣੇ ਹੋਰਨਾਂ ਸੁਰੱਖਿਆ ਬਲਾਂ ਦੇ 191 ਸੁਰੱਖਿਆ ਕਰਮੀ ਆਪਣੀ ਡਿਊਟੀ ਦੌਰਾਨ ਸ਼ਹੀਦ ਹੋ ਗਏ ਹਨ। ਇਸ ਦੌਰਾਨ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ।
ਪਿਛਲੇ ਸਾਲ ਦੌਰਾਨ ਆਂਧਰਾ ਪ੍ਰਦੇਸ਼ ਦੇ 5, ਅਰੁਣਾਚਲ ਪ੍ਰਦੇਸ਼ ਦਾ 1, ਆਸਾਮ ਦੇ 2, ਬਿਹਾਰ ਦੇ 8, ਚੰਡੀਗੜ੍ਹ ਦੇ 3, ਛੱਤੀਸਗੜ੍ਹ ਦੇ 16, ਗੁਜਰਾਤ ਦੇ 3, ਝਾਰਖੰਡ ਦਾ 1, ਕਰਨਾਟਕ ਦੇ 8, ਕੇਰਲਾ ਦੇ 1, ਮੱਧ ਪ੍ਰਦੇਸ਼ ਦੇ 11, ਮਨੀਪੁਰ ਦੇ 3, ਮਹਾਰਾਸ਼ਟਰ ਦਾ 1, ਨਾਗਾਲੈਂਡ ਦਾ 1, ਉੜੀਸਾ ਦੇ 2, ਪੰਜਾਬ ਦੇ 3, ਰਾਜਸਥਾਨ ਦੇ 7, ਤਾਮਿਲਨਾਡੂ ਦੇ 6, ਤਿਲੰਗਾਨਾ ਦੇ 5, ਤ੍ਰਿਪੁਰਾ ਦੇ 2, ਉੱਤਰ ਪ੍ਰਦੇਸ਼ ਦੇ 3, ਉੱਤਰਾਖੰਡ ਦੇ 4, ਪੱਛਮੀ ਬੰਗਾਲ ਦੇ 12, ਦਿੱਲੀ ਦੇ 8, ਜੰਮੂ ਤੇ ਕਸ਼ਮੀਰ ਦੇ 14, ਲਦਾਖ ਦਾ 1, ਆਸਾਮ ਰਾਈਫਲਜ਼ ਦੇ 2, ਬੀਐੱਸਐਫ ਦੇ 23, ਸੀ ਆਈ ਐੱਸ ਐੱਫ ਦੇ 6, ਸੀ ਆਰ ਪੀ ਐਫ ਦੇ 9, ਆਈਟੀਬੀਪੀ ਦੇ 5, ਐੱਨ ਡੀ ਆਰ ਐੱਫ ਦਾ 1, ਆਰਪੀਐੱਫ ਦੇ 9 ਅਤੇ ਐੱਸਐੱਸਬੀ ਦੇ 6 ਜਵਾਨ ਸ਼ਹੀਦ ਹੋ ਗਏ ਸਨ।
ਡੀਜੀਪੀ ਸਾਗਰਪ੍ਰੀਤ ਹੁੱਡਾ ਨੇ ਕਿਹਾ ਕਿ ਦੇਸ਼ ਭਰ ਵਿੱਚ ਪੁਲੀਸ ਤੇ ਸੁਰੱਖਿਆ ਬਲਾਂ ਵੱਲੋਂ 21 ਅਕਤੂਬਰ ਨੂੰ ਸ਼ਹੀਦੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਇਹ ਦਿਹਾੜਾ 1959 ਤੋਂ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਭਾਰਤੀ ਫੌਜ ਦੀ ਟੁੱਕੜੀ ਲਦਾਖ ਵਿਖੇ ਤਾਇਨਾਤ ਸੀ, ਉਸੇ ਦੌਰਾਨ ਚੀਨ ਨੇ ਭਾਰਤੀ ਫੌਜ ’ਤੇ ਹਮਲਾ ਕਰ ਦਿੱਤਾ।
ਚੰਡੀਗੜ੍ਹ ਦੇ 3 ਪੁਲੀਸ ਮੁਲਾਜ਼ਮ ਹੋਏ ਸ਼ਹੀਦ
ਚੰਡੀਗੜ੍ਹ ਪੁਲੀਸ ਦੇ ਵੀ 3 ਜਵਾਨ 1 ਸਤੰਬਰ 2024 ਤੋਂ 31 ਅਗਸਤ 2025 ਤੱਕ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿੱਚ ਕਾਂਸਟੇਬਲ ਸੁਖਦਰਸ਼ਨ ਸਿੰਘ, ਰਾਜੇਸ਼ ਕੁਮਾਰ ਅਤੇ ਸੁਖਜਿੰਦਰ ਸਿੰਘ ਸ਼ਾਮਲ ਹਨ। ਸੁਖਦਰਸ਼ਨ ਸਿੰਘ ਦੀ ਮੌਤ 13 ਮਾਰਚ 2025 ਨੂੰ ਜ਼ੀਰਕਪੁਰ ਬੈਰੀਅਰ ’ਤੇ ਡਿਊਟੀ ਦੌਰਾਨ ਹੋ ਗਈ ਸੀ। ਇਸੇ ਦੌਰਾਨ ਰਾਜੇਸ਼ ਕੁਮਾਰ ਦੀ ਮੌਤ ਵੀ ਹੋਈ ਸੀ। ਹੈੱਡ ਕਾਂਸਟੇਬਲ ਸੁਖਜਿੰਦਰ ਸਿੰਘ ਦੀ ਮੌਤ ਜਨਵਰੀ 2025 ਵਿੱਚ ਅੰਮ੍ਰਿਤਸਰ ਵਿਖੇ ਹੋਈ ਸੀ। ਉਹ ਅੰਮ੍ਰਿਤਸਰ ਵਿਖੇ ਵਾਰੰਟ ਦੇਣ ਗਿਆ ਸੀ, ਜਿੱਥੇ ਰਾਹ ਵਿੱਚ ਸੜਕ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ ਸੀ। ਚੰਡੀਗੜ੍ਹ ਪੁਲੀਸ ਨੇ ਮ੍ਰਿਤਕ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਦੁੱਖ ਦਾ ਪ੍ਰਗਟਾਵਾ ਕੀਤਾ।