ਹਾਦਸਿਆਂ ’ਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ
ਸੇਫਟੀ ਅਲਾਇੰਸ ਫਾਰ ਐਵਰੀਵਨ ਨੇ ਵਿਸ਼ਵ ਯਾਦਗਾਰੀ ਦਿਵਸ ਮੌਕੇ 473 ਮੋਮਬੱਤੀਆਂ ਬਾਲੀਆਂ
ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਗਏ ਟਰੈਫਿਕ ਪੀੜਤਾਂ ਦੇ ਵਿਸ਼ਵ ਯਾਦਗਾਰੀ ਦਿਵਸ ਮੌਕੇ ਸੜਕ ਸੁਰੱਖਿਆ ਨੂੰ ਸਮਰਪਿਤ ਸੰਸਥਾ ਸੇਫ ਸੇਫਟੀ ਅਲਾਇੰਸ ਫਾਰ ਐਵਰੀਵਨ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪ੍ਰੋਗਰਾਮ ਕਰਵਾਇਆ।
ਇਸ ਮੌਕੇ ਵਿਸ਼ੇਸ਼ ਡੀ ਜੀ ਪੀ ਰੋਡ ਸੇਫਟੀ ਐਂਡ ਟਰੈਫਿਕ ਮੈਨੇਜਮੈਂਟ ਪੰਜਾਬ ਏ ਐੱਸ ਰਾਏ, ਆਈ ਪੀ ਐੱਸ ਅਤੇ ਸਾਬਕਾ ਸੰਸਦ ਮੈਂਬਰ ਮੋਹਿੰਦਰ ਸਿੰਘ ਕੇ ਪੀ ਸ਼ਾਮਲ ਹੋਏ। ਹਾਦਸਿਆਂ ਵਿੱਚ ਆਪਣੇ ਪਿਆਰੇ ਗੁਆ ਚੁੱਕੇ ਪਰਿਵਾਰਾਂ ਨੇ ਆਪੋ-ਆਪਣੇ ਸਨੇਹੀਆਂ ਨੂੰ ਯਾਦ ਕੀਤਾ। ਸੜਕ ਸੁਰੱਖਿਆ ਫੋਰਸ (ਐੱਸ ਏ ਐੱਫ ਈ) ਨੇ ਦੇਸ਼ ਵਿੱਚ ਰੋਜ਼ਾਨਾ ਸੜਕ ਹਾਦਸਿਆਂ ’ਚ ਹੋਣ ਵਾਲੀਆਂ 473 ਮੌਤਾਂ ਦਾ ਪ੍ਰਤੀਕਾਤਮਕ ਚਿੱਤਰ ਪੇਸ਼ ਕਰਦਿਆਂ 473 ਮੋਮਬੱਤੀਆਂ ਬਾਲੀਆਂ।
ਏ ਡੀ ਜੀ ਪੀ ਏ ਐੱਸ ਰਾਏ ਨੇ ਕਿਹਾ ਕਿ ਪੰਜਾਬ ਸੜਕ ਸੁਰੱਖਿਆ ਫੋਰਸ ਦਾ ਡੇਟਾ-ਆਧਾਰਿਤ ਮਾਡਲ ਸਾਬਤ ਕਰਦਾ ਹੈ ਕਿ ਸੜਕ ਦੁਰਘਟਨਾਵਾਂ ’ਚ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਪੀੜਤ ਪਰਿਵਾਰਾਂ ਦਾ ਸਨਮਾਨਿਤ ਕਰਦਿਆਂ ਸੇਫ ਨੇ ਐੱਸ ਐੱਸ ਐੱਫ਼ ਦੇ ਕਾਬਿਲ-ਏ-ਤਾਰੀਫ਼ ਜਾਨ ਬਚਾਉਣ ਵਾਲੇ ਯਤਨਾਂ ਦੀ ਸ਼ਲਾਘਾ ਕੀਤੀ। ਹਰ ਐੱਸ ਐੱਸ ਐੱਫ ਮੈਂਬਰ ਨੂੰ ਇੱਕ ਬੂਟਾ ਭੇਟ ਕੀਤਾ ਗਿਆ, ਜਿਸ ’ਤੇ ਸੁਨੇਹਾ ਸੀ: ‘ਧੰਨਵਾਦ- ਤੁਹਾਡੀ ਕਾਰਵਾਈ ਜ਼ਿੰਦਗੀਆਂ ਬਚਾਉਂਦੀ ਹੈ।’ ਹਾਦਸਾ ਪੀੜਤ ਪਰਿਵਾਰਾਂ ਨੂੰ ਦਿੱਤੇ ਗਏ ਬੂਟਿਆਂ ਤੇ ਸੁਨੇਹਾ ਲਿਖਿਆ ਸੀ: “ਤੁਸੀਂ ਸਾਡੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੋਗੇ।” ਸੇਫ ਦੇ ਚੇਅਰਮੈਨ ਰੁਪਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੜਕ ਹਾਦਸੇ ਅਚਾਨਕ ਨਹੀਂ ਵਾਪਰਦੇ, ਇਨ੍ਹਾਂ ਦੇ ਵਾਪਰਨ ਪਿੱਛੇ ਕੋਈ ਵਜ੍ਹਾਂ ਹੁੰਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਾਗਰੂਕਤਾ ਨਾਲ ਸੜਕ ਹਾਦਸਿਆਂ ਨੂੰ ਠੱਲ ਪਾਈ ਜਾ ਸਕਦੀ ਹੈ।

