‘ਦਿ ਟ੍ਰਿਬਿਊਨ’ ਸਕੂਲ ਵਿੱਚ ‘ਟ੍ਰਿਬਿਊਨ ਮਾਡਲ ਯੂਨਾਈਟਿਡ ਨੇਸ਼ਨਜ਼’ ਸ਼ੁਰੂ
ਟਰਾਈਸਿਟੀ ਦੇ 30 ਸਕੂਲਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ; ਜੰਗ ਦੇ ਨਾਲ ਸ਼ਾਂਤੀ ਵਰਗੇ ਵਿਸ਼ਿਆਂ ਬਾਰੇ ਵੀ ਹੋਵੇ ਵਿਚਾਰ: ਗੁਰਬਚਨ ਜਗਤ w ਚੰਗੇ ਕੰਮਾਂ ਦੀ ਸ਼ੁਰੂਆਤ ਖੁਦ ਤੋਂ ਕਰਨੀ ਚਾਹੀਦੀ ਹੈ: ਜਸਟਿਸ ਅਮਨ ਚੌਧਰੀ
ਇੱਥੋਂ ਦੇ ਸੈਕਟਰ-29 ਸਥਿਤ ‘ਦਿ ਟ੍ਰਿਬਿਊਨ ਸਕੂਲ’ ਵਿੱਚ ਅੱਜ ਤੋਂ ਦੋ ਰੋਜ਼ਾ ‘ਦਿ ਟ੍ਰਿਬਿਊਨ ਮਾਡਲ ਯੂਨਾਈਟਿਡ ਨੈਸ਼ਨਜ਼ (ਐੱਮ ਯੂ ਐੱਨ) ਸ਼ੁਰੂ ਹੋ ਗਿਆ ਹੈ। ਇਸ ਵਿੱਚ ਟ੍ਰਾਈਸਿਟੀ ਦੇ 30 ਸਕੂਲਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਚਿਤਕਾਰਾ ਯੂਨੀਵਰਸਿਟੀ ਅਤੇ ਗਰਿਡ ਐਡਵਰਟਾਈਜ਼ਿੰਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਐੱਮ ਯੂ ਐੱਨ ਦਾ ਉਦਘਾਟਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਅਮਨ ਚੌਧਰੀ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਨਾਗਾਲੈਂਡ ਤੇ ਮਨੀਪੁਰ ਦੇ ਸਾਬਕਾ ਰਾਜਪਾਲ ਤੇ ਦਿ ਟ੍ਰਿਬਿਊਨ ਟਰੱਸਟ ਦੇ ਟਰੱਸਟੀ ਗੁਰਬਚਨ ਜਗਤ ਅਤੇ ‘ਦਿ ਟ੍ਰਿਬਿਊਨ’ ਸਮੂਹ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਜਸਟਿਸ ਅਮਨ ਚੌਧਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਕਦੇ ਵੀ ਆਪਣੀ ਤੁਲਨਾ ਕਿਸੇ ਨਾਲ ਨਹੀਂ ਕਰਨੀ ਚਾਹੀਦੀ, ਹਰ ਬੱਚਾ ਖ਼ਾਸ ਹੁੰਦਾ ਹੈ। ਸਾਰਿਆਂ ਨੂੰ ਆਪਣੇ ਵਿੱਚ ਮੁਕਾਬਲੇ ਦੀ ਭਾਵਨਾ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਮਾਂ-ਪਿਓ, ਅਧਿਆਪਕ ਅਤੇ ਦੋਸਤਾਂ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਚੰਗੇ ਕੰਮਾਂ ਦੀ ਸ਼ੁਰੂਆਤ ਖੁਦ ਤੋਂ ਕਰਨ ਲਈ ਪ੍ਰੇਰਿਆ।
ਸਾਬਕਾ ਰਾਜਪਾਲ ਸ੍ਰੀ ਜਗਤ ਨੇ ਕਿਹਾ ਕਿ ਅੱਜ ਦੇ ਸਮੇਂ ਦੁਨੀਆਂ ਖਤਰਨਾਕ ਦੌਰ ਵਿੱਚੋਂ ਗੁਜ਼ਰ ਰਹੀ ਹੈ। ਸੰਯੁਕਤ ਰਾਸ਼ਟਰ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਦੁਨੀਆਂ ਦੇ ਵੱਡੇ-ਵੱਡੇ ਦੇਸ਼ ਵਿਕਸਤ ਹੋਣ ਦੇ ਬਾਵਜੂਦ ਵਾਧੂ ਜ਼ਮੀਨ ਹੜੱਪਣ ਦੀ ਕੋਸ਼ਿਸ਼ਾਂ ਕਰ ਰਹੇ ਹਨ। ਰੂਸ, ਅਮਰੀਕਾ, ਇਜ਼ਰਾਈਲ ਵਰਗੇ ਵਿਕਸਤ ਦੇਸ਼ ਵੀ ਲਾਲਚ ਕਰ ਰਹੇ ਹਨ। ਕੇਂਦਰੀ ਏਸ਼ਿਆਈ ਦੇਸ਼ਾਂ ਤੇ ਹੋਰਨਾਂ ਦੇਸ਼ਾਂ ਦਰਮਿਆਨ ਚੱਲ ਰਹੀਆਂ ਜੰਗਾਂ ਕਰਕੇ ਬੱਚੇ ਖਾਲੀ ਭਾਂਡੇ ਲੈ ਕੇ ਭੁੱਖੇ ਰਹਿਣ ਲਈ ਮਜ਼ਬੂਰ ਹੋਏ ਪਏ ਹਨ। ਉਨ੍ਹਾਂ ਨੂੰ ਪਾਣੀ ਪੀ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਇਹ ਸਭ ਕੁਝ ਟੀਵੀ ਤੇ ਖ਼ਬਰਾਂ ਰਾਹੀਂ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਸ਼ਾਂਤੀ ਬਣਾਏ ਰੱਖਣਾ ਵਧੇਰੇ ਜ਼ਰੂਰੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਆਪਣੀ ਵਿਚਾਰ-ਚਰਚਾ ਦੌਰਾਨ ਵਿਸ਼ਵ ਦੀ ਜੰਗਾਂ ਦੇ ਨਾਲ-ਨਾਲ ਸ਼ਾਂਤੀ ਬਣਾਉਣ ਵਾਲੇ ਵਿਸ਼ਿਆਂ ਨੂੰ ਵੀ ਸ਼ਾਮਲ ਕਰਨ ਦੀ ਅਪੀਲ ਕੀਤੀ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵੱਲੋਂ ਦੀਪ ਜਗਾ ਕੇ ਕੀਤੀ ਗਈ ਹੈ। ਸਕੂਲ ਪ੍ਰਿੰਸੀਪਲ ਰਾਣੀ ਪੋਦਾਰ ਨੇ ਸਾਰਿਆਂ ਦਾ ਸਵਾਗਤ ਕੀਤਾ।

