ਖਜ਼ਾਨਾ ਕਰਮਚਾਰੀਆਂ ਦੀ ਵਧੀਕ ਡਾਇਰੈਕਟਰ ਨਾਲ ਮੀਟਿੰਗ
ਵਿੱਤ ਵਿਭਾਗ ਪੰਜਾਬ (ਖਜ਼ਾਨਾ ਤੇ ਲੇਖਾ ਸ਼ਾਖਾ) ਵੱਲੋਂ ਜੂਨੀਅਰ ਸਹਾਇਕਾਂ ਦੀਆਂ ਤਰੱਕੀਆਂ ਦਾ ਮਸਲਾ ਪੰਜਾਬੀ ਟ੍ਰਿਬਿਊਨ ਵੱਲੋਂ ਪ੍ਰਮੁੱਖਤਾ ਨਾਲ ਉਭਾਰਨ ’ਤੇ ਅੱਜ ਸੈਕਟਰ-33 ਸਥਿਤ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਦੀ ਮੀਟਿੰਗ ਵਧੀਕ ਡਾਇਰੈਕਟਰ ਸਿਮਰਜੀਤ ਕੌਰ ਨਾਲ਼ ਹੋਈ।
ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਗਰੇਵਾਲ ਅਤੇ ਜਨਰਲ ਸਕੱਤਰ ਸੁਖਵੀਰ ਸਿੰਘ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ ਅਤੇ ਵਧੀਕ ਡਾਇਰੈਕਟਰ ਨੇ ਜੂਨੀਅਰ ਸਹਾਇਕਾਂ ਦੀਆਂ ਲੈਵਲ 7 ਤੋਂ 6 ਵਿੱਚ ਕੀਤੀਆਂ ਤਰੱਕੀਆਂ ਬਾਰੇ ਸਮੱਸਿਆ ਸੁਣੀ। ਐਸੋਸੀਏਸ਼ਨ ਵੱਲੋਂ ਅਧਿਕਾਰੀ ਕੋਲ਼ ‘ਪੈਨਸ਼ਨ ਸੇਵਾ ਪੋਰਟਲ’ ਦੇ ਚੱਲ ਰਹੇ ਮੌਜੂਦਾ ਅਪਲੋਡਿੰਗ ਦੇ ਕੰਮ ਤੋਂ ਛੁੱਟੀ ਵਾਲ਼ੇ ਦਿਨ ਰਾਹਤ ਦੇਣ ਦੀ ਵੀ ਮੰਗ ਰੱਖੀ।
ਸੂਬਾ ਪ੍ਰਧਾਨ ਨੇ ਦੱਸਿਆ ਕਿ ਉੱਚ ਅਧਿਕਾਰੀ ਵੱਲੋਂ ਜਲਦ ਹੀ ਜ਼ਿਲ੍ਹਾ ਖਜ਼ਾਨਚੀ ਦੀਆਂ ਪਦ-ਉੱਨਤੀਆਂ, ਸੁਪਰਡੰਟ ਦੀਆਂ ਪਦ-ਉੱਨਤੀਆਂ ਕੀਤੇ ਜਾਣ ਸਮੇਤ ਨਵੇਂ ਕਲਰਕਾਂ ਨੂੰ 33,300 ਰੁਪਏ ਸਕੇਲ ਲਈ ਪ੍ਰਪੋਜ਼ਲ ਬਣਾ ਕੇ ਪ੍ਰਸੋਨਲ ਵਿਭਾਗ ਨੂੰ ਭੇਜਣਾ, ਖ਼ਜ਼ਾਨਾ ਅਫ਼ਸਰਾਂ ਦਾ ਕੋਟਾ 75 ਪ੍ਰਤੀਸ਼ਤ ਕਰਨ ਲਈ ਨਿਯਮਾਂ ਵਿੱਚ ਸੋਧ ਕਰਨ ਹਿੱਤ ਪ੍ਰਪੋਜ਼ਲ ਬਣਾ ਕੇ ਵਿਭਾਗ ਨੂੰ ਭੇਜਣਾ ਆਦਿ ਮੰਗਾਂ ਬਾਰੇ ਚਰਚਾ ਹੋਈ। ਅਧਿਕਾਰੀ ਨੇ ਵਿਸ਼ਵਾਸ ਦਿਵਾਇਆ ਕਿ ਹੁਣ ਪਦ-ਉੱਨਤ ਹੋ ਰਹੇ ਸੁਪਰਡੈਂਟਾਂ ਦੀਆਂ ਖਾਲੀ ਹੋਣ ਵਾਲੀਆਂ ਅਸਾਮੀਆਂ ਵਿਰੁੱਧ ਸੀਨੀਅਰ ਸਹਾਇਕਾਂ ਦੀ ਪ੍ਰਮੋਸ਼ਨ ਵੀ ਨਾਲ਼ ਦੀ ਨਾਲ਼ ਤੋਰ ਦਿੱਤੀ ਜਾਵੇਗੀ।
ਆਗੂਆਂ ਨੇ ਕਿਹਾ ਕਿ ਜੇ ਵਿਭਾਗ ਨੇ ਇਨ੍ਹਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਉਲੀਕੇ ਜਾਣਗੇ।