ਟਰਾਂਸਪੋਰਟ ਮੰਤਰੀ ਦੀ ਕੁਰਾਲੀ ਬੱਸ ਅੱਡੇ ’ਤੇ ਦਸਤਕ
ਲਾਲਜੀਤ ਭੁੱਲਰ ਨੇ ਬੱਸਾਂ ਨਾ ਰੁਕਣ ਕਾਰਨ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਪੁੱਛੀਆਂ
ਸ਼ਹਿਰ ਦੇ ਬੱਸ ਅੱਡੇ ਉੱਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨਾ ਰੁਕਣ ਕਾਰਨ ਪ੍ਰੇਸ਼ਾਨ ਵਿਦਿਆਰਥਣਾਂ ਤੇ ਮਹਿਲਾਵਾਂ ਦੀ ਸਮੱਸਿਆ ਦੇ ਮੱਦੇਨਜ਼ਰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਵੇਰੇ ਸਵਖ਼ਤੇ ਸਧਾਰਨ ਪਹਿਰਾਵੇ ਅਤੇ ਲਾਮ ਲਸ਼ਕਰ ਤੋਂ ਬਗੈਰ ਕੁਰਾਲੀ ਬੱਸ ਅੱਡੇ ‘ਤੇ ਪੁੱਜੇ। ਸ੍ਰੀ ਭੁੱਲਰ ਨੇ ਸਧਾਰਨ ਸਵਾਰੀ ਬਣ ਕੇ ਬੱਸ ਅੱਡੇ ‘ਤੇ ਖੜ੍ਹ ਕੇ ਬੱਸਾਂ ਦਾ ਹਾਲ ਜਾਣਿਆ ਅਤੇ ਸਵਾਰੀਆਂ ਦੀਆਂ ਮੁਸ਼ਕਿਲਾਂ ਨੂੰ ਅੱਖਾਂ ਨਾਲ ਦੇਖਿਆ।
ਮਹਿਲਾਵਾਂ ਨੂੰ ਮੁਫ਼ਤ ਸਹੂਲਤ ਦੀ ਦਿੱਤੇ ਹੋਣ ਕਾਰਨ ਰੋਡਵੇਜ਼ ਤੇ ਪੈਪਸੂ ਟਰਾਂਸਪੋਰਟ ਦੀਆਂ ਬੱਸਾਂ ਨਾ ਰੋਕੇ ਜਾਣ ਦਾ ਮਸਲਾ ਧਿਆਨ ਵਿੱਚ ਆਉਣ ਤੋਂ ਬਾਅਦ ਲਾਲਜੀਤ ਸਿੰਘ ਭੁੱਲਰ ਸਵੇਰੇ ਸਵਖ਼ਤੇ ਹੀ ਸਿਕਿਊਰਿਟੀ ਅਤੇ ਨਿੱਜੀ ਸਟਾਫ਼ ਤੋਂ ਬਗੈਰ ਹੀ ਕੁਰਾਲੀ ਪੁੱਜੇ। ਲਾਲਜੀਤ ਸਿੰਘ ਭੁੱਲਰ ਨੇ ਸ਼ਹਿਰ ਦੇ ਮੇਨ ਚੌਕ ਵਿੱਚ ਬੱਸ ਅੱਡੇ ‘ਤੇ ਸਵਾਰੀਆਂ ਦੇ ਪਿੱਛੇ ਖੜ੍ਹ ਕੇ ਬੱਸਾਂ ਰੋਕੇ ਜਾਣ ਸਬੰਧੀ ਸਥਿਤੀ ਦੇਖੀ ਤੇ ਸਵਾਰੀਆਂ ਦੀ ਪ੍ਰੇਸ਼ਾਨੀ ਖੁਦ ਦੇਖੀ। ਜਦੋਂ ਸਵਾਰੀਆਂ ਨੂੰ ਕੈਬਨਿਟ ਮੰਤਰੀ ਦੇ ਬੱਸ ਅੱਡੇ ’ਚ ਮੌਜੂਦ ਹੋਣ ਦੀ ਭਿਣਕ ਲੱਗੀ ਤਾਂ ਬੱਸ ਅੱਡੇ ’ਤੇ ਮੌਜੂਦ ਮਹਿਲਾਵਾਂ ਤੇ ਵਿਦਿਆਰਥਣਾਂ ਨੇ ਬੱਸਾਂ ਨਾ ਰੁਕਣ ਸਣੇ ਆਪਣੀਆਂ ਸਮੱਸਿਆਵਾਂ ਉਨ੍ਹਾਂ ਅੱਗੇ ਰੱਖੀਆਂ। ਮਹਿਲਾਵਾਂ ਨੇ ਕੁਝ ਡਿਪੂਆਂ ਦੇ ਬੱਸ ਸਟਾਫ਼ ਦੇ ਰਵੱਈਏ ਦਾ ਮਾਮਲਾ ਵੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ।
ਸਮੱਸਿਆ ਜਾਣਨ ਮਗਰੋਂ ਕੈਬਨਿਟ ਮੰਤਰੀ ਭੁੱਲਰ ਨੇ ਖ਼ੁਦ ਪੰਜਾਬ ਰੋਡਵੇਜ਼ ਤੇ ਪੈਪਸੂ ਬੱਸਾਂ ਦੇ ਚਾਲਕਾਂ ਨੂੰ ਬੱਸਾਂ ਰੋਕਣ ਦੀ ਨਿਜੀ ਤੌਰ ’ਤੇ ਹਦਾਇਤ ਕੀਤੀ। ਉਨ੍ਹਾਂ ਡਰਾਈਵਰਾਂ ਤੇ ਕੰਡਕਟਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਪਹਿਲ ਦੇ ਕੇ ਬੱਸ ਚੜ੍ਹਾਇਆ ਜਾਵੇ।
ਭੁੱਲਰ ਨੇ ਕਿਹਾ ਕਿ ਪਾਰਟੀ ਆਗੂ ਤੇ ਪੰਜਾਬ ਯੂਥ ਡਿਵੈੱਲਪਮੈਂਟ ਤੇ ਸਪੋਰਟਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਜਿਸ ਕਾਰਨ ਉਹ ਖੁਦ ਚੱਲ ਕੇ ਕੁਰਾਲੀ ਬੱਸ ਅੱਡੇ ਦੇ ਹਾਲਾਤ ਦੇਖਣ ਆਏ ਹਨ। ਉਨ੍ਹਾਂ ਕਿਹਾ ਕਿ ਸਮੱਸਿਆ ਦੇ ਹੱਲ ਲਈ ਕੁਰਾਲੀ ਦੇ ਬੱਸ ਅੱਡੇ ‘ਤੇ ਦੋਵੇਂ ਪਾਸੇ ਬੱਸਾਂ ਰੋਕਣ ਲਈ ਇੰਸਪੈਕਟਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਜੋ ਕਿ ਬੱਸਾਂ ਰੋਕ ਕੇ ਸਵਾਰੀਆਂ ਨੂੰ ਬੱਸਾਂ ਵਿੱਚ ਚੜ੍ਹਾਉਣਗੇ। ਉਨ੍ਹਾਂ ਕਿਹਾ ਕਿਹਾ ਕਿ ਹਦਾਇਤਾਂ ਦੇ ਉਲੰਘਣਾ ਕਰਨ ਵਾਲੇ ਬੱਸਾਂ ਦੇ ਸਟਾਫ਼ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

