ਸਿਵਲ ਡਿਫੈਂਸ ਵਾਲੰਟੀਅਰਾਂ ਦੀ ਸਿਖਲਾਈ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜੂਨ
ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪਰੈਲ ਨੂੰ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਵਾਲੇ ਹਾਲਾਤ ਬਣ ਗਏ ਸਨ। ਇਸ ਦੌਰਾਨ ਕਿਸੇ ਵੀ ਹਵਾਈ ਹਮਲੇ ਜਾਂ ਹੋਰ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਯੂਟੀ ਪ੍ਰਸ਼ਾਸਨ ਵੱਲੋਂ ਫ਼ੌਜ ਦੀ ਮਦਦ ਨਾਲ ਸਿਵਲ ਡਿਫੈਂਸ ਵਾਲੰਟੀਅਰ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਹੰਗਾਮੀ ਹਾਲਾਤ ਨਾਲ ਨਜਿੱਠਿਆ ਜਾ ਸਕੇ। ਅੱਜ ਚੰਡੀਗੜ੍ਹ ਵਿੱਚ 150 ਵਾਲੰਟੀਅਰਾਂ ਦੇ ਪਹਿਲੇ ਬੈੱਚ ਦੀ ਸਿਖਲਾਈ ਸ਼ੁਰੂ ਹੋ ਗਈ ਹੈ। ਇਨ੍ਹਾਂ ਵਾਲੰਟੀਅਰਾਂ ਨੂੰ ਚੰਡੀਮੰਦਰ ਵਿੱਚ ਸਥਿਤ ਪੱਛਮੀ ਕਮਾਂਡ ਵਿੱਚ ਲਿਜਾਇਆ ਗਿਆ ਜਿੱਥੇ ਫੌਜ ਦੇ ਜਵਾਨਾਂ ਨੇ ਨੌਜਵਾਨਾਂ ਨੂੰ ਹਥਿਆਰਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਕੁਦਰਤੀ ਆਫ਼ਤਾਂ, ਅੱਗ ਲੱਗਣ ਤੇ ਜੰਗ ਵਰਗੇ ਹਾਲਾਤ ਬਣਨ ’ਤੇ ਨਾਗਰਿਕਾਂ ਦੀ ਸੰਭਾਲ ਬਾਰੇ ਟਰੇਨਿੰਗ ਦਿੱਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਇਸ ਸਿਖਲਾਈ ਨੂੰ ਆਤਮ-ਨਿਰਭਰ ਚੰਡੀਗੜ੍ਹ ਬਣਾਉਣ ਦੀ ਦਿਸ਼ਾ ਵੱਲ ਵੱਡਾ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਟਰੇਨਿੰਗ ਪ੍ਰੋਗਰਾਮ ਆਮ ਨਾਗਰਿਕਾਂ ਨੂੰ ਐਮਰਜੈਂਸੀ ਸਥਿਤੀ ਵਿੱਚ ਮੁੱਢਲੀ ਸਹਾਇਤਾ ਦੇਣ ਲਈ ਦਿੱਤੀ ਜਾ ਰਹੀ ਹੈ। ਇਸ ਦੌਰਾਨ ਨੌਜਵਾਨਾਂ ਨੂੰ ਸਰੀਰਕ ਤੰਦਰੁਸਤੀ ਦੀ ਮਹੱਤਤਾ ਨੂੰ ਸਮਝਣ ’ਤੇ ਜ਼ੋਰ ਦਿੱਤਾ ਗਿਆ। ਵਾਲੰਟੀਅਰਾਂ ਨੂੰ ਫ਼ੌਜ ਦੇ ਟਰੇਨਰਾਂ ਵੱਲੋਂ ਤਿਆਰ ਕੀਤੀ ਗਈ ਮੁੱਢਲੀ ਸਰੀਰਕ ਮੁਲਾਂਕਣ ਰੁਟੀਨ ਨਾਲ ਜਾਣੂ ਕਰਵਾਇਆ ਗਿਆ, ਜੋ ਸੰਕਟ ਦੌਰਾਨ ਸਰੀਰਕ ਤੰਦਰੁਸਤੀ ਅਤੇ ਮਾਨਸਿਕ ਤਿਆਰੀ ਦੀ ਜ਼ਰੂਰਤ ਨੂੰ ਮਜ਼ਬੂਤ ਕਰਦਾ ਹੈ। ਸਿਵਲ ਡਿਫੈਂਸ ਵਾਲੰਟੀਅਰਾਂ ਨੂੰ ਫ਼ੌਜ ਵੱਲੋਂ ਵਰਤੇ ਜਾਣ ਵਾਲੇ ਅਤਿ-ਆਧੁਨਿਕ ਲੜਾਈ ਆਫ਼ਤ ਰਾਹਤ ਪਲੈਟਫਾਰਮਾਂ ਅਤੇ ਫ਼ੌਜੀ ਹਥਿਆਰਾਂ ਸਣੇ ਹੋਰ ਉਪਕਰਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।