ਹਿਮਾਚਲ ਵੱਲੋਂ ਲਈ ਜਾ ਰਹੀ ਫੀਸ ਖ਼ਿਲਾਫ਼ ਆਵਾਜਾਈ ਰੋਕੀ
ਅੱਜ ਹਿਮਾਚਲ ਪ੍ਰਦੇਸ਼ ਸਰਹੱਦ ’ਤੇ ਪੈਂਦੇ ਪਿੰਡ ਮਹਿਤਪੁਰ ਵਿੱਚ ਟੌਲ ਬੈਰੀਅਰ ਤੇ ਹਿਮਾਚਲ ਦੀ ਐਂਟਰੀ ਟੈਕਸ ਖ਼ਿਲਾਫ਼ ਇਲਾਕਾ ਬਚਾਓ ਸ਼ੰਘਰਸ ਕਮੇਟੀ ਵੱਲੋਂ ਮੋਰਚਾ ਕਨਵੀਨਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਪੰਜਾਬ ਦੇ ਲਾਗਲੇ ਪਿੰਡਾਂ ਦੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਦੋ ਘੰਟੇ ਤੱਕ ਆਵਾਜਾਈ ਠੱਪ ਰੱਖੀ ਗਈ। ਲੋਕਾਂ ਨੇ ਮੰਗ ਕੀਤੀ ਕਿ ਗੁਆਂਢੀ ਸੂਬੇ ਦੀ ਐਂਟਰੀ ਟੈਕਸ ਨੂੰ ਲੈ ਕੇ ਟੌਲ ਬੈਰੀਅਰ ਹਟਾਏ ਜਾਣ। ਇਹ ਟੌਲ ਬੈਰੀਅਰ ਮਹਿਤਪੁਰ, ਅਜੌਲੀ ਮੌੜ, ਸਹਿਜੋਵਾਲ, ਭੂਬੋਵਾਲ ਪੋਲੀਆਂ, ਗੁਰੂ ਕਾ ਲਾਹੌਰ ਅਤੇ ਗੜ੍ਹਾ ਮੋੜ੍ਹਾ ਵਿੱਚ ਹਿਮਾਚਲ ਦੀ ਐਂਟਰੀ ’ਤੇ ਲਗਾਏ ਗਏ ਹਨ। ਇਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਨਵੀਨਰ ਪਰਮਜੀਤ ਸਿੰਘ ਪੰਮਾ, ਰਣਜੀਤ ਸਿੰਘ ਲੱਕੀ, ਕੁਲਦੀਪ ਚੰਦ, ਰਮਨ ਸ਼ਰਮਾ, ਗੁਰਦੀਪ ਸਿੰਘ ਬਾਵਾ, ਦਵਿੰਦਰ ਗਾਂਧੀ ਨੇ ਕਿਹਾ ਕਿ ਹਿਮਾਚਲ ਨਾਲ ਲੱਗਦੀਆਂ ਸਰਹੱਦਾਂ ’ਤੇ ਉਥੋਂ ਦੀ ਸਰਕਾਰ ਵੱਲੋਂ ਵੱਖ-ਵੱਖ ਐਂਟਰੀ ਟੌਲ ਬੈਰੀਅਰ ਬਣਾਏ ਗਏ ਹਨ, ਜਿੱਥੇ ਦਾਖ਼ਲ ਹੋਣ ਲਈ ਹਿਮਾਚਲ ਗੱਡੀ ਨੰਬਰਾਂ ਨੂੰ ਛੱਡ ਕੇ ਬਾਕੀ ਸਟੇਟ ਨੰਬਰ ਵਾਹਨਾਂ ਤੋਂ ਟੌਲ ਟੈਕਸ ਵਸੂਲਿਆ ਜਾ ਰਿਹਾ ਹੈ, ਜੋ ਕਿ ਅਸਿੱਧੇ ਰੂਪ ਵਿੱਚ ਨਾਲ ਲੱਗਦੇ ਇਲਾਕਿਆਂ ਦਾ ਆਰਥਿਕ ਸ਼ੋਸ਼ਣ ਹੈ। ਉਨ੍ਹਾਂ ਕਿਹਾ ਕਿ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਆਪਸੀ ਰਿਸ਼ਤੇਦਾਰੀਆਂ ਹਨ, ਜਿਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਨੂੰ ਟੈਕਸਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਟੈਕਸ ਵਿੱਚ ਵਾਧਾ ਕਰਕੇ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। 70 ਤੋਂ ਲੈ ਕੇ 110 ਰੁਪਏ ਤੱਕ ਵਾਹਨਾਂ ਦੀ ਪਰਚੀ ਕੱਟੀ ਜਾ ਰਹੀ ਹੈ। ਇਸ ਮੌਕੇ ਮੋਰਚਾ ਆਗੂਆਂ ਨੇ ਕਿਹਾ ਕਿ ਜੇ ਹਿਮਾਚਲ ਪ੍ਰਦੇਸ਼ ਸਰਕਾਰ ਇਹ ਐਂਟਰੀ ਬੰਦ ਨਹੀਂ ਕਰਦੀ ਤਾਂ ਨਗਰ ਕੌਂਸਲ ਨੰਗਲ ਵੱਲੋ ਪਾਏ ਗਏ 9 ਮਤੇ ਨੂੰ ਤੁਰੰਤ ਕਰਕੇ ਪੰਜਾਬ ਅੰਦਰ ਟੌਲ ਟੈਕਸ ਲੈਣ ਲਈ ਬੈਰੀਅਰ ਸਥਾਪਤ ਕਰੇਗੀ। ਇਸ ਮੌਕੇ ਊਨਾ-ਚੰਡੀਗੜ੍ਹ ਮੇਨ ਮਾਰਗ ’ਤੇ ਮੋਰਚੇ ਵੱਲੋਂ ਦੋ ਘੰਟੇ ਆਵਾਜਾਈ ਰੋਕੀ ਗਈ। ਇਸ ਮੌਕੇ ਨੰਗਲ ਦੇ ਤਹਿਸੀਲਦਾਰ ਨੂੰ ਹਿਮਾਚਲ ਸਰਕਾਰ ਵੱਲੋਂ ਟੌਲ ਟੈਕਸ ਦੇ ਨਾਂ ’ਤੇ ਹੁੰਦੀ ਲੁੱਟ ਦੇ ਖ਼ਿਲਾਫ਼ ਇਕ ਮੰਗ ਪੱਤਰ ਵੀ ਸੌਂਪਿਆ ਗਿਆ।