ਮੁਰੰਮਤ ਮਗਰੋਂ ਘੱਗਰ ਦੇ ਪੁਲ ਤੋਂ ਆਵਾਜਾਈ ਬਹਾਲ
ਹਰਜੀਤ ਸਿੰਘ
ਡੇਰਾਬੱਸੀ, 18 ਜੂਨ
ਚੰਡੀਗੜ੍ਹ-ਅੰਬਾਲਾ ਸ਼ਾਹਰਾਹ ’ਤੇ ਪੈਂਦੇ ਪਿੰਡ ਭਾਂਖਰਪੁਰ ’ਚ ਘੱਗਰ ਦੇ ਪੁਰਾਣੇ ਪੁਲ ਦੀ ਮੁਰੰਮਤ ਮਗਰੋਂ ਇਸ ਨੂੰ ਆਵਾਜਾਈ ਖੋਲ੍ਹ ਦਿੱਤਾ ਹੈ। ਜਾਣਕਾਰੀ ਅਨੁਸਾਰ ਪੁਲ ਦੀ ਇਕ ਸਲੈਬ ਧਸ ਗਈ ਸੀ। ਸੜਕ ਦੀ ਉਸਾਰੀ ਕਰਨ ਵਾਲੀ ਕੰਪਨੀ ਵੱਲੋਂ ਇਸ ਸਲੈਬ ਨੂੰ ਨਵੇਂ ਸਿਰੇ ਤੋਂ ਪਾ ਕੇ ਇਸ ਦੇ ਕੁਝ ਹਿੱਸੇ ਦੀ ਮੁਰੰਮਤ ਕੀਤੀ ਗਈ ਸੀ। ਮੁਰੰਮਤ ਮਗਰੋਂ ਇਸ ਨੂੰ ਕੁਝ ਦਿਨਾਂ ਲਈ ਸੁੱਕਣ ਵਾਸਤੇ ਇੱਕ ਲੇਨ ਆਵਾਜਾਈ ਲਈ ਬੰਦ ਰੱਖੀ ਹੋਈ ਸੀ। ਇਸ ਕਾਰਨ ਇੱਥੇ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਸੀ। ਸਵੇਰ ਅਤੇ ਸ਼ਾਮ ਦਫ਼ਤਰਾਂ ਦੇ ਜਾਣ ਅਤੇ ਛੁੱਟੀ ਵੇਲੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਆਮ ਵਾਂਗ ਆਵਾਜਾਈ ਬਹਾਲ ਹੋਣ ਮਗਰੋਂ ਰਾਹਗੀਰਾਂ ਨੇ ਸੁੱਖ ਦਾ ਸਾਹ ਲਿਆ ਹੈ।
ਟਰੈਫਿਕ ਇੰਚਾਰਜ ਹਰਕੇਸ਼ ਸਿੰਘ ਨੇ ਕਿਹਾ ਕਿ ਮੁਰੰਮਤ ਦਾ ਕੰਮ ਮੁਕੰਮਲ ਹੋਣ ਮਗਰੋਂ ਇਸ ਪੁਲ ਨੂੰ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲ ਦੀ ਨਿਗਰਾਨੀ ਰੱਖੀ ਜਾਵੇਗੀ ਤਾਂ ਜੋ ਮੁੜ ਤੋਂ ਕੋਈ ਪ੍ਰੇਸ਼ਾਨੀ ਨਾ ਆਏ।
ਮਿਆਦ ਪੁਗਾ ਚੁੱਕਾ ਹੈ ਪੁਲ
ਚੰਡੀਗੜ੍ਹ-ਅੰਬਾਲਾ ਸ਼ਾਹਰਾਹ ’ਤੇ ਘੱਗਰ ਨਦੀ ’ਤੇ ਬਣਿਆ ਇਹ ਪੁਲ ਕਾਫ਼ੀ ਪੁਰਾਣਾ ਹੈ ਜਿਸ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ। ਨਿਯਮਾਂ ਮੁਤਾਬਕ ਇਹ ਪੁਲ ਆਪਣੀ ਮਿਆਦ ਪੁਗਾ ਚੁੱਕਾ ਹੈ ਜਿਸ ਦੀ ਥਾਂ ਹੁਣ ਨਵੇਂ ਪੁਲ ਦੀ ਲੋੜ ਹੈ। ਪਰ ਸੜਕ ਨੂੰ ਚਹੁੰ ਮਾਰਗੀ ਕਰਨ ਦੌਰਾਨ ਚੰਡੀਗੜ੍ਹ ਪਾਸੇ ਜਾਣ ਵਾਲੀ ਆਵਾਜਾਈ ਲਈ ਨਵਾਂ ਪੁਲ ਉਸਾਰਿਆ ਗਿਆ ਸੀ। ਚੰਡੀਗੜ੍ਹ ਤੋਂ ਅੰਬਾਲਾ ਜਾਣ ਲਈ ਆਵਾਜਾਈ ਨੂੰ ਪੁਰਾਣੇ ਪੁਲ ਤੋਂ ਹੀ ਲੰਘਾਇਆ ਜਾ ਰਿਹਾ ਹੈ। ਖਸਤਾ ਹਾਲ ਇਸ ਪੁਲ ਵਿੱਚ ਸਮੇਂ ਸਮੇਂ ’ਤੇ ਸਲੈਬ ਧੱਸ ਜਾਂਦੀਆਂ ਹਨ ਜਿਨ੍ਹਾਂ ਨੂੰ ਮੁਰੰਮਤ ਕਰ ਕੇ ਡੰਗ ਟਪਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਪੁਲ ਵਿੱਚ ਪ੍ਰੇਸ਼ਾਨੀਆਂ ਆ ਚੁੱਕੀਆਂ ਹਨ।