ਸੜਕਾਂ ਦੀ ਮੁਰੰਮਤ ਕਾਰਨ ਆਵਾਜਾਈ ’ਚ ਵਿਘਨ
ਚੰਡੀਗੜ੍ਹ ਵਿੱਚ ਮੌਨਸੂਨ ਦੌਰਾਨ ਥਾਂ-ਥਾਂ ਤੋਂ ਟੁੱਟ ਚੁੱਕੀਆਂ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਭਾਵੇਂ ਅੱਜ ਸ਼ੁਰੂ ਹੋ ਗਿਆ ਹੈ ਪਰ ਰਾਹਗੀਰਾਂ ਦੀਆਂ ਪ੍ਰੇਸ਼ਾਨੀਆਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਵੱਲੋਂ ਕਈ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਇਹ ਮੁਰੰਮਤ ਵੀ ਲੋਕਾਂ ਲਈ ਆਫ਼ਤ ਹੀ ਸਾਬਤ ਹੋ ਰਹੀ ਹੈ। ਸੜਕਾਂ ਦੀ ਮੁਰੰਮਤ ਕਾਰਨ ਯੂਟੀ ਪ੍ਰਸ਼ਾਸਨ ਵੱਲੋਂ ਕਈ ਸੜਕਾਂ ’ਤੇ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਸੋਮਵਾਰ ਨੂੰ ਬਾਅਦ ਦੁਪਹਿਰ ਸੈਕਟਰ-32 ਤੇ 33 ਵਾਲੀ ਸੜਕ ’ਤੇ ਇਕ-ਦਮ ਆਵਾਜਾਈ ਬੰਦ ਕਰਨ ਕਰਕੇ ਸ਼ਹਿਰ ਵਿੱਚ ਟਰੈਫਿਕ ਜਾਮ ਹੋ ਗਿਆ। ਇਸ ਦੌਰਾਨ ਸੈਕਟਰ-32 ਵਾਲੇ ਚੌਕ ਵਿੱਚ ਸਣੇ ਆਲੇ-ਦੁਆਲੇ ਇਲਾਕੇ ਵਿੱਚ ਆਵਾਜਾਈ ਠੱਪ ਹੋ ਗਈ, ਜਿੱਥੇ ਕਈ-ਕਈ ਕਿੱਲੋਮੀਟਰ ਲੰਬਾ ਟਰੈਫ਼ਿਕ ਜਾਮ ਲੱਗ ਗਿਆ ਹੈ। ਲੋਕਾਂ ਨੂੰ ਪੰਜ ਮਿੰਟ ਵਾਲੇ ਰਾਹ ਲਈ 30 ਤੋਂ 45 ਮਿੰਟ ਤੱਕ ਸਮਾਂ ਲੱਗ ਰਿਹਾ ਸੀ। ਇਸੇ ਤਰ੍ਹਾਂ ਦੇ ਹਾਲਾਤ ਦੱਖਣ ਮਾਰਗ, ਜਨ ਮਾਰਗ ਅਤੇ ਸਰੋਵਰ ਮਾਰਗ ’ਤੇ ਵੀ ਦੇਖਣ ਨੂੰ ਮਿਲੇ ਹਨ। ਚੰਡੀਗੜ੍ਹ ਦੇ ਲੋਕਾਂ ਦਾ ਕਹਿਣਾ ਹੈ ਕਿ ਯੂਟੀ ਪ੍ਰਸ਼ਾਸਨ ਨੂੰ ਮੁਰੰਮਤ ਲਈ ਸੜਕ ਬੰਦ ਕਰਨ ਤੋਂ ਪਹਿਲਾਂ ਐਡਵਾਈਜ਼ਰੀ ਜਾਰੀ ਕਰਨੀ ਚਾਹੀਦੀ ਹੈ ਤਾਂ ਜੋ ਲੋਕ ਬਦਲੇ ਰਾਹ ਦੀ ਵਰਤੋਂ ਕਰ ਸਕਣ।
ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰੋਵਰ ਮਾਰਗ ’ਤੇ ਸੈਕਟਰ-32/33 ਅਤੇ ਸੈਕਟਰ-48/49 ਦੇ ਵਿਚਕਾਰ ਦੀ ਸੜਕ ’ਤੇ ਪੈਚ ਵਰਕ ਕੀਤੇ ਜਾ ਰਹੇ ਹਨ, ਜੋ ਕਿ 16 ਤੋਂ 18 ਸਤੰਬਰ ਤੱਕ ਕੀਤੇ ਜਾਣਗੇ। ਇਸ ਦੌਰਾਨ ਸੜਕ ਦਾ ਇਕ ਪਾਸਾ ਬੰਦ ਕੀਤਾ ਜਾਵੇਗਾ, ਜਦੋਂ ਕਿ ਇਕੋਂ ਪਾਸਾ ਚਲਾਇਆ ਜਾਵੇਗਾ। ਇਸੇ ਤਰ੍ਹਾਂ ਸੈਕਟਰ-52/53 ਦੇ ਵਿਚਕਾਰ ਜਨ ਮਾਰਗ ਵਾਲੀ ਸੜਕ ’ਤੇ ਮੁੜ ਕਾਰਪੇਟਿੰਗ ਕੀਤੀ ਜਾਵੇਗੀ। ਇੱਥੇ ਵੀ ਸੜਕ ਦਾ ਇਕ ਪਾਸਾ ਬੰਦ ਕੀਤਾ ਜਾਵੇਗਾ। ਯੂਟੀ ਪ੍ਰਸ਼ਾਸਨ ਨੇ ਲੋਕਾਂ ਨੂੰ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ, ਜਦੋਂ ਕਿ ਇਸ ਸੜਕ ’ਤੇ ਹੌਲੀ ਰੱਫ਼ਤਾਰ ਵਿੱਚ ਚੱਲਣ ਦੀ ਅਪੀਲ ਕੀਤੀ।