ਚੌਧਰ ਦੀ ਲਾਲਸਾ ਕਾਰਨ ਰਵਾਇਤੀ ਪਾਰਟੀਆਂ ਪਾਟੋਧਾੜ: ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਚੌਧਰ ਖਾਤਰ ਪਾਟੋਧਾੜ ਦਾ ਸ਼ਿਕਾਰ ਹਨ ਜਦੋਂਕਿ ਪੰਜਾਬ ਦੇ ਹਿੱਤਾਂ ਨਾਲ ਇਨ੍ਹਾਂ ਨੂੰ ਕੋਈ ਪਿਆਰ ਨਹੀਂ ਅਤੇ ਨਾ ਹੀ ਸੂਬੇ ਦੇ ਭਲੇ ਲਈ ਕੋਈ ਏਜੰਡਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਵਿੱਚ ਕਈ ਧੜੇ ਸੱਤਾ ਲਈ ਆਪਸ ਵਿੱਚ ਲੜ ਰਹੇ ਹਨ। ਉਹ ਇੱਥੇ 125 ਕਰੋੜ ਰੁਪਏ ਨਾਲ ਬਣਨ ਵਾਲੇ 500 ਪੰਚਾਇਤ ਘਰਾਂ ਅਤੇ ਸੇਵਾ ਕੇਦਰਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ਨੇ ਸੂਬੇ ਨੂੰ ਬਰਬਾਦੀ ਵੱਲ ਧੱਕ ਦਿੱਤਾ। ਮੌਜੂਦਾ ਸਰਕਾਰ ਸ਼ਹੀਦਾਂ ਦੇ ਸੁਫ਼ਨੇ ਸਾਕਾਰ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ 2800 ਤੋਂ ਵੱਧ ਆਬਾਦੀ ਵਾਲੇ ਹਰ ਪਿੰਡ ਵਿੱਚ ਪੰਚਾਇਤ ਘਰ ਅਤੇ ਇਕ ਕਾਮਨ ਸਰਵਿਸ ਸੈਂਟਰ ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਲਈ ਉਨ੍ਹਾਂ ਪਿੰਡਾਂ ਦੀ ਚੋਣ ਕੀਤੀ ਹੈ ਜਿੱਥੇ ਕੋਈ ਪੰਚਾਇਤ ਘਰ ਨਹੀਂ। ਉਨ੍ਹਾਂ ਕਿਹਾ ਕਿ ਪੰਚਾਇਤ ਘਰ ਮਹਿਜ਼ ਦਫ਼ਤਰ ਨਹੀਂ ਸਗੋਂ ਪਿੰਡ ਦੇ ਵਿਕਾਸ ਲਈ ਵਿਉਂਤਬੰਦੀ ਦਾ ਧੁਰਾ ਹੋਵੇਗਾ। ਕਾਮਨ ਸਰਵਿਸ ਸੈਂਟਰ ਪਿੰਡਾਂ ਵਿੱਚ ਡਿਜੀਟਲ ਕ੍ਰਾਂਤੀ ਲਈ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਚਾਇਤਾਂ ਲਈ ਕੋਈ ਧਿਆਨ ਨਹੀਂ ਦਿਤਾ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਸੂਬੇ ਵਿੱਚ ਟੇਲਾਂ ਤੇ ਪਹਿਲੀ ਵਾਰ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਡਰੱਗ ਮਾਫ਼ੀਆਂ ਨੂੰ ਪਿਛਲੀਆ ਸਰਕਾਰਾਂ ਨੇ ਸਰਪਰਸਤੀ ਦਿਤੀ ਜਦੋ ਕਿ ਮੌਜੂਦਾ ਸਰਕਾਰ ਨੇ ਨਸ਼ਿਆਂ ਵਿਰੁੱਧ ਵੱਡਾ ਜਹਾਦ ਛੇੜਿਆ ਹੋਇਆ ਹੈ ਅਤੇ ਆਰ-ਪਾਰ ਦੀ ਜੰਗ ਚਲ ਰਹੀ ਹੈ, ਜਿਸ ਵਿਚ ਵੱਡੇ ਮੱਗਰਮੱਛਾਂ ਨੂੰ ਵੀ ਜੇਲ੍ਹਾ ਵਿਚ ਭੇਜਿਆ ਜਾ ਰਿਹਾ ਹੈ ਅਤੇ ਨਸ਼ਾ ਤਸਕਾਰਾਂ ਦੀ ਜਾਇਦਾਦ ਜਬਤ ਕਰਕੇ ਨਸ਼ਟ ਕੀਤੀ ਜਾ ਰਹੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਵਿਧਾਇਕ ਲਖਬੀਰ ਸਿੰਘ ਰਾਏ, ਗੁਰਿੰਦਰ ਸਿੰਘ ਗੈਰੀ ਬੜਿੰਗ, ਰੁਪਿੰਦਰ ਸਿੰਘ ਹੈਪੀ, ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ, ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ ਆਦਿ ਤੋਂ ਇਲਾਵਾ ਪ੍ਰਸ਼ਾਸਨਕ ਅਧਿਕਾਰੀ ਹਾਜ਼ਰ ਸਨ।