DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੈਰ ਸਪਾਟਾ ਸੰਮੇਲਨ: ਪੰਜਾਬੀ ਵਿਰਸੇ ਦੀ ਝਲਕ ਖਿੱਚ ਦਾ ਕੇਂਦਰ ਬਣੀ

ਦਰਸ਼ਨ ਸਿੰਘ ਸੋਢੀ ਐੱਸਏਐੱਸ ਨਗਰ (ਮੁਹਾਲੀ), 12 ਸਤੰਬਰ ਪੰਜਾਬ ਦੇ ਸੱਭਿਆਚਾਰ ਅਤੇ ਸੈਰ ਸਪਾਟਾ ਥਾਵਾਂ ਨੂੰ ਦੁਨੀਆ ਭਰ ਵਿੱਚ ਉਭਾਰਨ ਦੇ ਮੰਤਵ ਨਾਲ ਅਤੇ ਸੂਬੇ ’ਚ ਸੈਰ ਸਪਾਟਾ ਸਨਅਤ ਦੀਆਂ ਸੰਭਾਵਨਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ...
  • fb
  • twitter
  • whatsapp
  • whatsapp
featured-img featured-img
ਮੁਹਾਲੀ ’ਚ ਸੈਰ ਸਪਾਟਾ ਸੰਮੇਲਨ ਦੌਰਾਨ ਸਭਿਆਚਾਰਕ ਸਮਾਗਮ ਦੌਰਾਨ ‘ਰੰਗਲਾ ਪੰਜਾਬ’ ਦੀ ਝਲਕ ਪੇਸ਼ ਕਰਦੀਆਂ ਲੜਕੀਆਂ। ਫੋਟੋ: ਵਿੱਕੀ ਘਾਰੂ
Advertisement

ਦਰਸ਼ਨ ਸਿੰਘ ਸੋਢੀ

ਐੱਸਏਐੱਸ ਨਗਰ (ਮੁਹਾਲੀ), 12 ਸਤੰਬਰ

Advertisement

ਪੰਜਾਬ ਦੇ ਸੱਭਿਆਚਾਰ ਅਤੇ ਸੈਰ ਸਪਾਟਾ ਥਾਵਾਂ ਨੂੰ ਦੁਨੀਆ ਭਰ ਵਿੱਚ ਉਭਾਰਨ ਦੇ ਮੰਤਵ ਨਾਲ ਅਤੇ ਸੂਬੇ ’ਚ ਸੈਰ ਸਪਾਟਾ ਸਨਅਤ ਦੀਆਂ ਸੰਭਾਵਨਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਮੁਹਾਲੀ ਵਿੱਚ ਕਰਵਾਏ ਜਾ ਰਹੇ ਸੈਰ ਸਪਾਟਾ ਸੰਮੇਲਨ ਅਤੇ ਟਰੈਵਲ ਮਾਰਟ ਦੇ ਦੂਜੇ ਦਿਨ ਪੰਜਾਬੀ ਪੇਂਡੂ ਜਨ-ਜੀਵਨ ਦੀ ਝਲਕ, ਸਭਿਆਚਾਰਕ ਗਤੀਵਿਧੀਆਂ, ਵੱਖੋ-ਵੱਖ ਸਟਾਲਾਂ ਤੇ ਪ੍ਰਦਰਸ਼ਨੀਆਂ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣੀਆਂ ਅਤੇ ਲੋਕਾਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ।

ਸੰਮੇਲਨ ਦੌਰਾਨ ਚਰਖੇ ਨਾਲ ਸੂਤ ਕੱਤਣ, ਨਾਲੇ ਤੇ ਪੀੜ੍ਹੀਆਂ ਬੁਣਨ, ਮਧਾਣੀਆਂ ਰਿੜਕਣ, ਪੱਖੀਆਂ ਝੱਲਣ, ਚੱਕੀਆਂ ਨਾਲ ਹੱਥੀਂ ਆਟਾ ਪੀਹਣ ਨੂੰ ਅਮਲੀ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਅਤੇ ਲੋਕਾਂ ਨੇ ਖ਼ੁਦ ਇਨ੍ਹਾਂ ਗਤੀਵਿਧੀਆਂ ਨੂੰ ਆਪਣੇ ਹੱਥੀਂ ਕਰ ਕੇ ਅਮੀਰ ਪੰਜਾਬੀ ਵਿਰਸੇ ਦਾ ਆਨੰਦ ਮਾਣਿਆ। ਮਾਰਟ ਵਿੱਚ ਮਲਵਈ ਗਿੱਧੇ ਦੀ ਟੀਮ ਲਗਾਤਾਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਦੀ ਰਹੀ ਅਤੇ ਨੌਜਵਾਨ ਮੁੰਡੇ-ਕੁੜੀਆਂ ਮਲਵਈ ਗਿੱਧੇ ਦੀਆਂ ਬੋਲੀਆਂ ਤੇ ਸਾਜ਼ਾਂ ਨੂੰ ਮਾਣਦੇ ਹੋਏ ਨੱਚਦੇ ਦੇਖੇ ਗਏ। ਉਥੇ ਹੀ ਲੋਕਾਂ ਨੇ ਮੱਕੀ ਦੀ ਰੋਟੀ, ਸਾਗ, ਮੱਖਣ ਤੇ ਲੱਸੀ ਦਾ ਸਵਾਦ ਚਖਿਆ। ਇੱਥੇ 360 ਡਿਗਰੀ ਆਕਾਰ ਵਾਲਾ ਇਮਰਸਿਵ ਥੀਏਟਰ ਵੀ ਲੋਕਾਂ ਲਈ ਖਿੱਚ ਦਾ ਵੱਡਾ ਕੇਂਦਰ ਬਣਿਆ। ਪਿੰਡ ਸਤੋਜ ਵਿੱਚ ਵੱਖ-ਵੱਖ ਕਿਸਮ ਦੇ ਤੇਲ ਕੱਢ ਕੇ ਵੇਚਣ ਦਾ ਕੰਮ ਕਰਦੇ ਏਕਤਾ ਸੈਲਫ ਹੈਲਪ ਗਰੁੱਪ ਦੇ ਜਗਦੇਵ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਸਦਕਾ ਉਸ ਨੇ ਦੂਜੇ ਰਾਜਾਂ ਤੋਂ ਬਹੁਤ ਸਾਰੇ ਆਰਡਰ ਪ੍ਰਾਪਤ ਕੀਤੇ ਹਨ। ਸਾਗ, ਮੱਕੀ ਦੀ ਰੋਟੀ, ਖੀਰ ਮਾਲ ਪੂੜੇ, ਕੜੀ ਚਾਵਲ, ਗੁੜ ਸ਼ੱਕਰ ਅਤੇ ਸੇਵੀਆਂ ਦਾ ਸਟਾਲ ਲਗਾਉਣ ਵਾਲੀ ਮਹਿਲਾ ਮੋਰਚਾ ਸੈਲਫ਼ ਹੈਲਪ ਗਰੁੱਪ ਮੁਹਾਲੀ ਦੀ ਵੰਦਨਾ ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਾਲੋਂ ਵੱਧ ਲੋਕਾਂ ਤੋਂ ਪਿਆਰ ਮਿਲਿਆ ਹੈ। ਆਪਣੇ ਜੀਵਨ ਦਾ ਪਹਿਲਾ ਸਟਾਲ ਲਗਾਉਣ ਵਾਲੀ ਸੰਗਰੂਰ ਦੇ ਪਿੰਡ ਗੱਗੜਪੁਰ ਦੀ ਰਹਿਣ ਵਾਲੀ ਬਾਬਾ ਦੀਪ ਸਿੰਘ ਸੈਲਫ ਹੈਲਪ ਗਰੁੱਪ ਦੀ ਜਸਬੀਰ ਕੌਰ ਜੋ ਮਠਿਆਈਆਂ ਅਤੇ ਬਿਸਕੁਟਾਂ ਦਾ ਵਪਾਰ ਕਰਦੇ ਹਨ, ਨੇ ਦੱਸਿਆ ਕਿ ਉਹ ਜਿੰਨਾ ਸਾਮਾਨ ਲਿਆਏ ਸਨ, ਉਹ ਅੱਜ ਸਵੇਰੇ ਹੀ ਵਿਕ ਗਿਆ।

ਅਨਮੋਲ ਗਗਨ ਮਾਨ ਨੇ ਸੇਵੀਆਂ ਵੱਟੀਆਂ

ਸੰਮੇਲਨ ਦੇ ਦੂਜੇ ਦਿਨ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਪੰਜਾਬ ਦੇ ਲੋਕ ਰੰਗ ਪੇਸ਼ ਕਰਦੇ ਭੰਗੜਾ, ਗਿੱਧਾ, ਕਢਾਈ, ਨਾਲੇ ਬੁਣਨ ਅਤੇ ਰੂੰ ਕੱਤਣ ਵਾਲੀਆਂ ਬੀਬੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਸਤਕਾਰੀ ਲਈ ਪ੍ਰੇਰਿਆ। ਇਸ ਦੌਰਾਨ ਮਾਨ ਨੇ ਬੀਬੀਆਂ ਦੇ ਸਮੂਹ ਨਾਲ ਬੈਠ ਕੇ ਆਪਣੇ ਹੱਥੀਂ ਸੇਵੀਆਂ ਵੀ ਵੱਟੀਆਂ ਅਤੇ ਔਰਤਾਂ ਨਾਲ ਘਰੇਲੂ ਕੰਮਾਂ-ਕਾਰਾਂ ਸਬੰਧੀ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਅਤੇ ਸਮਾਜਿਕ ਪਰਿਵਰਤਨ ਲਈ ਔਰਤਾਂ ਆਪਣੀ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।

Advertisement
×