ਤਿਵਾੜੀ ਨੇ ਸਲਾਹਕਾਰ ਪਰਿਸ਼ਦ ਦੀ ਸਟੈਂਡਿੰਗ ਕਮੇਟੀ ਦੀ ਚੇਅਰਮੈਨੀ ਤੋਂ ਦਿੱਤਾ ਅਸਤੀਫ਼ਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜੁਲਾਈ
ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਸ਼ਹਿਰ ਦੇ ਵਿਕਾਸ ਲਈ ਬਣਾਈ ਸਲਾਹਕਾਰ ਪਰਿਸ਼ਦ ਦੀਆਂ ਅੱਗੇ ਬਣਾਈਆਂ 10 ਸਟੈਂਡਿੰਗ ਕਮੇਟੀਆਂ ਨੂੰ ਲੈ ਕੇ ਨਿਵੇਕਲਾ ਵਿਵਾਦ ਛਿੜ ਗਿਆ ਹੈ। ਅੱਜ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਆਰਟ, ਸੱਭਿਆਚਾਰ, ਸੈਰ-ਸਪਾਟਾ ਤੇ ਵਿਰਾਸਤੀ ਕਮੇਟੀ ਦੀ ਚੇਅਰਮੈਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਅੱਜ ਸ੍ਰੀ ਤਿਵਾੜੀ ਨੇ ਯੂਟੀ ਦੇ ਪ੍ਰਸ਼ਾਸਕ ਦੇ ਨਾਮ ਪੱਤਰ ਲਿਖ ਕੇ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ।
ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਆਪਣੇ ਅਸਤੀਫ਼ੇ ਦੇ ਨਾਲ-ਨਾਲ ਪ੍ਰਸ਼ਾਸਕ ਵੱਲੋਂ ਬਣਾਈਆਂ 10 ਸਟੈਂਡਿੰਗ ਕਮੇਟੀਆਂ ਦੀ ਬਣਤਰ ’ਤੇ ਵੀ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਯੂਟੀ ਦੇ ਪ੍ਰਸ਼ਾਸਕ ਨੇ 10 ਸਟੈਂਡਿੰਗ ਕਮੇਟੀਆਂ ਵਿੱਚੋਂ ਸੱਤ ਕਮੇਟੀਆਂ ਦਾ ਚੇਅਰਮੈਨ ਭਾਜਪਾ ਨਾਲ ਸਬੰਧਤ ਲੋਕਾਂ ਨੂੰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਰਾਜਸੀ ਲੋਕਾਂ ਨੂੰ ਚੇਅਰਮੈਨ ਬਨਾਉਣ ਦੀ ਥਾਂ ਵੱਖ-ਵੱਖ ਵਰਗਾਂ ਨਾਲ ਜੁੜੀਆਂ ਸਟੈਡਿੰਗ ਕਮੇਟੀਆਂ ਦਾ ਚੇਅਰਮੈਨ ਉਕਤ ਖੇਤਰ ਨਾਲ ਸਬੰਧਿਤ ਮਾਹਿਰ ਨੂੰ ਬਣਾਇਆ ਜਾਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ 10 ਜੁਲਾਈ ਨੂੰ ਆਪਣੀ ਸਲਾਹਕਾਰ ਪਰਿਸ਼ਦ ਦੀਆਂ ਅੱਗੇ 10 ਸਟੈਡਿੰਗ ਕਮੇਟੀਆਂ ਦਾ ਗਠਨ ਕੀਤਾ ਸੀ। ਇਨ੍ਹਾਂ ਕਮੇਟੀਆਂ ਵਿੱਚ ਇਕ ਚੇਅਰਮੈਨ ਅਤੇ ਕਈ ਮੈਂਬਰ ਨਾਮਜ਼ਦ ਕੀਤੇ ਗਏ ਸਨ।