ਟਿੱਪਰ ਟਰਾਲਿਆਂ ਨੇ ਕਾਹਨਪੁਰ ਖੂਹੀ-ਭੰਗਲਾਂ ਸੜਕ ਤੋੜੀ
ਬਲਵਿੰਦਰ ਰੈਤ
ਨੂਰਪੁਰ ਬੇਦੀ, 24 ਜੂਨ
ਕਾਹਨਪੁਰ ਖੂਹੀ ਤੋਂ ਭੰਗਲਾਂ ਨੂੰ ਜਾਣ ਵਾਲੀ ਸੜਕ ਦੀ ਲੰਮੇ ਸਮੇਂ ਤੋਂ ਹਾਲਤ ਕਾਫੀ ਖਸਤਾ ਹੈ। ਇਸ ਸੜਕ ’ਤੇ ਕਰੱਸ਼ਰ ਇੰਡਸਟਰੀ ਪੈਂਦੀ ਹੈ। ਖੇੜਾ ਕਲਮੋਟ, ਸਪਾਲਮਾਂ, ਪਲਾਟਾ, ਹਰੀਪੁਰ ਆਦਿ ਪਿੰਡਾਂ ਵਿੱਚ ਦਰਜਨਾਂ ਸਟੋਨ ਕਰੱਸ਼ਰ ਲੱਗੇ ਹਨ। ਇਨ੍ਹਾਂ ਕਰੱਸ਼ਰਾਂ ਤੋਂ ਹਰ ਰੋਜ਼ ਹੈਵੀ ਟਿੱਪਰ ਟਰਾਲਿਆਂ ਰਾਹੀ ਹਾਜ਼ਰਾਂ ਟਨ ਮਾਲ ਇਸ ਸੜਕ ਰਾਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨੂੰ ਜਾਂਦਾ ਹੈ। ਇਨ੍ਹਾਂ ਓਵਰਲੋਡ ਵਾਹਨਾਂ ਨਾਲ ਸੜਕ ਵਿਚਕਾਰ ਕਾਫੀ ਡੂੰਘੇ ਖੱਡੇ ਪੈ ਗਏ ਹਨ ਤੇ ਸੜਕ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ। ਇਸ ਸੜਕ ’ਤੇ ਦਰਜਨ ਪਿੰਡ ਪੈਂਦੇ ਹਨ ਜੋ ਰੋਜ਼ਾਨਾਂ ਗੁਜਰਨ ਵਾਲੇ ਟਿੱਪਰਾਂ ਤੋਂ ਉੱਡ ਰਹੀ ਧੂੜ ਤੋਂ ਪ੍ਰੇਸ਼ਾਨ ਹਨ। ਪ੍ਰਭਾਵਿਤ ਲੋਕਾਂ ਦਾ ਕਹਿਣਾ ਹੈ ਕਿ ਵਾਹਨਾਂ ਰਾਹੀ ਉਡ ਰਹੀ ਧੂੜ ਨਾਲ ਕਈ ਲੋਕਾਂ ਨੂੰ ਦਮੇ ਦੀ ਸ਼ਿਕਾਇਤ ਹੋ ਗਈ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਸ ਸੜਕ ਦੇ ਸੁਧਾਰ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕਿਹਾ ਕਿ ਉਹ ਇਸ ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਅਸਰ ਨਹੀਂ ਹੋ ਰਿਹਾ। ਉਨ੍ਹਾਂ ਸਰਕਾਰ ਨੂੰ ਚਿਤਵਾਨੀ ਦਿੰਦਿਆਂ ਕਿਹਾ ਕਿ ਜੇਕਰ ਸੜਕ ਦੀ ਜਲਦੀ ਮੁਰੰਮਤ ਨਾ ਕੀਤੀ ਤਾਂ ਉਹ ਸੰਘਰਸ਼ ਵਿੱਢਣਗੇ।
ਸੜਕ ਬਣਾਉਣ ਲਈ ਕੋਈ ਬਜਟ ਨਹੀਂ: ਐੱਸਡੀਓ
ਪੀਡਬਲਿਊਡੀ ਵਿਭਾਗ ਦੇ ਐੱਸਡੀਓ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਹ ਸੜਕ ਬਣਾਉਣ ਦਾ ਮਹਿਕਮੇ ਕੋਲ ਕੋਈ ਬਜਟ ਨਹੀਂ ਹੈ। ਇਹ ਸੜਕ 2019 ਵਿੱਚ ਬਣੀ ਸੀ ਤੇ ਇਸ ਦੀ ਮਿਆਦ 6 ਸਾਲ ਹੈ। ਉਸ ਤੋਂ ਬਾਅਦ ਹੀ ਸਰਕਾਰ ਬਜਟ ਪਾਸ ਕਰੇਗੀ। ਜਿਸ ਦਿਨ ਪੈਸੇ ਆ ਗਏ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।