ਤਿੰਨ ਰੋਜ਼ਾ ‘ਦਿ ਟ੍ਰਿਬਿਊਨ ਰੀਅਲ ਅਸਟੇਟ ਐਕਸਪੋ’ ਸੈਕਟਰ 34 ’ਚ ਸ਼ੁਰੂ
ਆਤਿਸ਼ ਗੁਪਤਾ
ਚੰਡੀਗੜ੍ਹ, 21 ਫਰਵਰੀ
ਚੰਡੀਗੜ੍ਹ ਦੇ ਸੈਕਟਰ 34 ਸਥਿਤ ਪ੍ਰਦਰਸ਼ਨੀ ਗਰਾਊਂਡ ’ਚ ਤਿੰਨ ਰੋਜ਼ਾ ‘ਦਿ ਟ੍ਰਿਬਿਊਨ ਰੀਅਲ ਅਸਟੇਟ ਐਕਸਪੋ-2025’ ਅੱਜ ਤੋਂ ਸ਼ੁਰੂ ਹੋ ਗਿਆ। ਇਸ ਦਾ ਉਦਘਾਟਨ ਪੰਜਾਬ ਦੇ ਘਰੇਲੂ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਨੇ ਕੀਤਾ। ਤਿਵਾੜੀ ਨੇ ਟ੍ਰਿਬਿਊਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਇੱਕੋ ਛੱਤ ਹੇਠਾਂ ਦੋ ਦਰਜਨ ਤੋਂ ਵੱਧ ਵੱਡੀਆਂ ਰੀਅਲ ਅਸਟੇਟ ਕੰਪਨੀਆਂ ਨਾਲ ਸੰਪਰਕ ਕਰਨ ਦਾ ਮੌਕਾ ਮਿਲ ਸਕੇਗਾ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਸਣੇ ਹੋਰਨਾਂ ਖੇਤਰਾਂ ਵਿੱਚ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਦੀ ਜਾਣਕਾਰੀ ਮਿਲ ਸਕੇਗੀ। ਇਸ ਮੌਕੇ ‘ਦਿ ਟ੍ਰਿਬਿਊਨ ਗਰੁੱਪ’ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ ਨੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਐਕਸਪੋ ਬਾਰੇ ਜਾਣਕਾਰੀ ਦਿੱਤੀ। ‘ਦਿ ਟ੍ਰਿਬਿਊਨ ਰੀਅਲ ਐਸਟੇਟ ਐਕਸਪੋ-2025’ ਵਿੱਚ ਸ਼ਾਮ ਐਗਜ਼ੌਟਿਕ ਗਰੁੱਪ ਮੁੱਖ ਪਾਰਟਨਰ ਹਨ ਜਦਕਿ ਸੁਭਾਸ਼ ਮਾਂਗਟ ਐਂਡ ਗਰੁੱਪ ਅਤੇ ਹੈਂਪਟਨ ਸਕਾਈ ਰਿਐਲਿਟੀ ਲਿਮਟਿਡ ਸਪਾਂਸਰਡ ਵਜੋਂ ਸ਼ਾਮਲ ਹਨ।
‘ਦਿ ਟ੍ਰਿਬਿਊਨ ਰੀਅਲ ਅਸਟੇਟ ਐਕਸਪੋ-2025’ ਦੇ ਪਹਿਲੇ ਦਿਨ ਹੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ, ਜਿਨ੍ਹਾਂ ਨੇ ਆਪਣੇ ਸੁਪਨਿਆਂ ਦਾ ਆਸ਼ੀਆਨਾ ਬਣਾਉਣ ਲਈ ਵੱਖ ਵੱਖ ਰੀਅਲ ਅਸਟੇਟ ਕੰਪਨੀਆਂ ਨਾਲ ਸੰਪਰਕ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਉੱਥੇ ਮੌਜੂਦ ਵੱਖ-ਵੱਖ ਬੈਂਕਾਂ ਦੇ ਨੁਮਾਇੰਦਿਆਂ ਤੋਂ ਵੀ ਹਾਊਸਿੰਗ ਲੋਨ ਬਾਰੇ ਤੇ ਹੋਰ ਜਾਣਕਾਰੀ ਹਾਸਲ ਕੀਤੀ। ਸ਼ਾਮ ਐਗਜ਼ੌਟਿਕ ਗਰੁੱਪ ਦੇ ਵਾਈਸ ਪ੍ਰੈਜੀਡੈਂਟ (ਸੈਲਜ਼) ਹਰੀਸ਼ ਸ਼ਰਮਾ ਅਤੇ ਮੈਨੇਜਿੰਗ ਡਾਇਰੈਕਟਰ ਹਰਿੰਦਰ ਸਿੰਘ ਨੇ ਕਿਹਾ ਕਿ ਉਹ ‘ਦਿ ਟ੍ਰਿਬਿਊਨ ਰੀਅਲ ਅਸਟੇਟ ਐਕਸਪੋ’ ਵਿਚ ਪਹਿਲੀ ਵਾਰ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਨਿਊ ਚੰਡੀਗੜ੍ਹ ਵਿੱਚ ਇੱਕ ਲਗਜ਼ਰੀ ਪ੍ਰਾਜੈਕਟ ਲਾਂਚ ਕਰਨ ਜਾ ਰਹੇ ਹਨ ਤੇ ਇਹ ਪਹਿਲਕਦਮੀ ਲੋਕਾਂ ਦੀਆਂ ਮੰਗਾਂ ਨੂੰ ਧਿਆਨ ’ਚ ਰੱਖ ਕੇ ਕੀਤੀ ਜਾ ਰਹੀ ਹੈ। ਇਸ ਮੌਕੇ ਸੁਭਾਸ਼ ਮਾਂਗਟ ਐਂਡ ਗਰੁੱਪ ਦੇ ਜਨਰਲ ਮੈਨੇਜਰ ਸੇਲਸ ਅਮਨ ਅਤੇ ਮੇਰੂਸ਼ਰੀ ਬਬੂਤਾ ਨੇ ਕਿਹਾ ਕਿ ਉਹ ਇਸ ਐਕਸਪੋ ’ਚ ਕਮਰਸ਼ੀਅਲ ਅਤੇ ਹਾਊਸਿੰਗ ਦੋਵੇਂ ਪ੍ਰਾਜੈਕਟ ਲੈ ਕੇ ਆਏ ਹਨ।