ਯੂਟੀ ਦੇ ਕਾਲਜਾਂ ਵਿੱਚ ਤਿੰਨ ਸਤੰਬਰ ਨੂੰ ਵਿਦਿਆਰਥੀ ਚੋਣਾਂ ਲਈ ਚੋਣ ਲੜ ਰਹੇ ਆਗੂਆਂ ਨੇ ਰਵਾਇਤੀ ਢੰਗ ਨਾਲੋਂ ਹਟ ਕੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਅੱਜ ਕੁਝ ਸਮਾਂ ਮੀਂਹ ਰੁਕਣ ’ਤੇ ਵਿਦਿਆਰਥੀ ਗੇਟ ’ਤੇ ਆ ਗਏ ਤੇ ਕਾਲਜ ਦੇ ਬਾਹਰ ਹੀ ਪ੍ਰਚਾਰ ਕੀਤਾ। ਜੇ ਪਹਿਲਾਂ ਦੇ ਦਸ ਸਾਲਾਂ ਦੀ ਗੱਲ ਕਰੀਏ ਤਾਂ ਨਾਮਜ਼ਦਗੀਆਂ ਤੈਅ ਹੋਣ ਤੋਂ ਬਾਅਦ ਅਗਲੇ ਹੀ ਦਿਨ ਵਿਦਿਆਰਥੀ ਆਗੂਆਂ ਵਲੋਂ ਰੈਲੀਆਂ ਕੀਤੀਆਂ ਜਾਂਦੀਆਂ ਸਨ ਤੇ ਕਾਲਜਾਂ ਵਿਚ ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ ਸੀ ਪਰ ਡੀਏਵੀ ਕਾਲਜ ਵਿਚ ਅਜਿਹਾ ਨਹੀਂ ਹੋਇਆ। ਇਸ ਕਾਲਜ ਵਿਚ ਚੋਣ ਲੜ ਰਹੇ ਲਗਪਗ ਸਾਰੇ ਹੀ ਉਮੀਦਵਾਰ ਗੇਟ ਦੇ ਬਾਹਰ ਆ ਗਏ ਤੇ ਗਰੁੱਪਾਂ ਵਿਚ ਹੱਥ ਜੋੜ ਕੇ ਹਰ ਆਉਣ ਵਾਲੇ ਵਿਦਿਆਰਥੀ ਨੂੰ ਆਪਣੇ ਚੋਣ ਮੈਨੀਫੈਸਟੋ ਤੇ ਵਿਦਿਆਰਥੀਆਂ ਦੇ ਹੱਲ ਕਰਵਾਉਣ ਵਾਲੇ ਮਸਲਿਆਂ ਬਾਰੇ ਜਾਣਕਾਰੀ ਦਿੱਤੀ। ਇਸ ਕਾਲਜ ਦੇ ਚੋਣ ਅਧਿਕਾਰੀ ਡਿਪਟੀ ਡੀਐਸਡਬਲਿਊ ਡਾ. ਮਨਮਿੰਦਰ ਸਿੰਘ ਆਨੰਦ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਵਿਦਿਆਰਥੀ ਆਗੂਆਂ ਨੂੰ ਹੁੜਦੁੰਗ ਦੀ ਥਾਂ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਦੀ ਹਦਾਇਤ ਕੀਤੀ ਗਈ ਸੀ ਤੇ ਵਿਦਿਆਰਥੀਆਂ ਨੇ ਇਸ ’ਤੇ ਸਹਿਮਤੀ ਜਤਾਈ ਹੈ।
ਵਿਦਿਆਰਥੀ ਲਾਰੈਂਸ ਬਿਸ਼ਨੋਈ ਦੇ ਮੁਰੀਦ ਪਰ ਕਾਲਜਾਂ ’ਚ ਪਾਰਟੀ ਹਾਸ਼ੀਏ ’ਤੇ
ਡੀਏਵੀ ਕਾਲਜ ਦੇ ਸਾਬਕਾ ਵਿਦਿਆਰਥੀ ਆਗੂ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਹੁਣ ਵੀ ਕਾਲਜ ਵਿਚ ਵੱਡੀ ਗਿਣਤੀ ਵਿਦਿਆਰਥੀ ਮੁਰੀਦ ਤੇ ਸਮਰਥਕ ਹਨ ਪਰ ਲਾਰੈਂਸ ਦੀ ਪਾਰਟੀ ਸੋਪੂ ਦਾ ਹੁਣ ਕਾਲਜਾਂ ਵਿਚ ਆਧਾਰ ਨਹੀਂ ਰਿਹਾ। ਇਸ ਪਾਰਟੀ ਨੇ ਪੰਜਾਬ ਯੂਨੀਵਰਸਿਟੀ ਵਿਚ ਵੀ ਆਪਣਾ ਆਧਾਰ ਬਣਾ ਲਿਆ ਹੈ ਪਰ ਕਾਲਜਾਂ ਵਿਚ ਇਸ ਪਾਰਟੀ ਦੇ ਗਿਣਤੀ ਦੇ ਉਮੀਦਵਾਰ ਚੋਣ ਮੈਦਾਨ ਵਿਚ ਹਨ। ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਲਾਰੈਂਸ ਬਿਸ਼ਨੋਈ ਤੋਂ ਬਹੁਤ ਪ੍ਰਭਾਵਿਤ ਹਨ।