ਬੱਸ ਦਾ ਤਿੰਨ ਕਿਲੋਮੀਟਰ ਦਾ ਰੂਟ ਵਧਾਉਣ ਨਾਲ ਤੀਹ ਪਿੰਡਾਂ ਨੂੰ ਮਿਲ ਸਕਦੈ ਲਾਭ
ਪੀ ਜੀ ਆਈ ਤੋਂ ਤੰਗੌਰੀ ਤੱਕ ਚੱਲਦੀਆਂ ਸੀ ਟੀ ਯੂ ਦੇ ਰੂਟ ਨੰਬਰ 242 ਦੀਆਂ ਬੱਸਾਂ ਨੂੰ ਮਹਿਜ਼ ਤਿੰਨ ਕਿਲੋਮੀਟਰ ਦਾ ਵਾਧਾ ਕਰਕੇ ਬਨੂੜ ਤੱਕ ਭੇਜਣ ਨਾਲ ਬਨੂੜ ਸ਼ਹਿਰ ਅਤੇ ਆਲੇ-ਦੁਆਲੇ ਦੇ ਤੀਹ ਪਿੰਡਾਂ ਨੂੰ ਬੱਸ ਸਹੂਲਤ ਦਾ ਲਾਭ ਹਾਸਲ...
ਪੀ ਜੀ ਆਈ ਤੋਂ ਤੰਗੌਰੀ ਤੱਕ ਚੱਲਦੀਆਂ ਸੀ ਟੀ ਯੂ ਦੇ ਰੂਟ ਨੰਬਰ 242 ਦੀਆਂ ਬੱਸਾਂ ਨੂੰ ਮਹਿਜ਼ ਤਿੰਨ ਕਿਲੋਮੀਟਰ ਦਾ ਵਾਧਾ ਕਰਕੇ ਬਨੂੜ ਤੱਕ ਭੇਜਣ ਨਾਲ ਬਨੂੜ ਸ਼ਹਿਰ ਅਤੇ ਆਲੇ-ਦੁਆਲੇ ਦੇ ਤੀਹ ਪਿੰਡਾਂ ਨੂੰ ਬੱਸ ਸਹੂਲਤ ਦਾ ਲਾਭ ਹਾਸਲ ਹੋ ਸਕਦਾ ਹੈ। ਸੀ ਟੀ ਯੂ ਦੇ ਰੂਟ ਨੰਬਰ 242 ਉੱਤੇ ਪੰਜ ਏ ਸੀ ਅਤੇ ਚਾਰ ਨਾਨ-ਏ ਸੀ ਬੱਸਾਂ ਸਣੇ ਕੁੱਲ ਨੌਂ ਬੱਸਾਂ ਤੰਗੌਰੀ ਤੱਕ ਚੱਲਦੀਆਂ ਹਨ। ਹਰ ਪੱਚੀ ਮਿੰਟ ਬਾਅਦ ਬੱਸ ਦੀ ਸਰਵਿਸ ਹੈ। ਤੰਗੌਰੀ ਤੋਂ ਸਵੇਰੇ 6.15 ਵਜੇ ਪਹਿਲੀ ਬੱਸ ਪੀ ਜੀ ਆਈ ਲਈ ਤੁਰਦੀ ਹੈ ਅਤੇ ਰਾਤ ਨੂੰ 8.50 ਵਜੇ ਆਖਰੀ ਬੱਸ ਚੱਲਦੀ ਹੈ। ਇਨ੍ਹਾਂ ਬੱਸਾਂ ਵਿਚ ਰੋਜ਼ਾਨਾ ਮਰੀਜ਼, ਕਾਲਜਾਂ ਅਤੇ ਦਫ਼ਤਰਾਂ ਵਿਚ ਜਾਣ ਵਾਲੇ ਵਿਦਿਆਰਥੀ ਅਤੇ ਮੁਲਾਜ਼ਮ ਸਫ਼ਰ ਕਰਦੇ ਹਨ।
ਤੰਗੌਰੀ ਵਿੱਚ ਹਰੇਕ ਬੱਸ ਦਸ ਤੋਂ ਪੰਦਰਾਂ ਮਿੰਟ ਖ਼ੜ੍ਹਦੀ ਹੈ। ਤੰਗੌਰੀ ਤੋਂ ਬਨੂੜ ਦਾ ਫ਼ਾਸਲਾ ਮਹਿਜ਼ ਤਿੰਨ ਤੋਂ ਚਾਰ ਕਿਲੋਮੀਟਰ ਹੈ ਤੇ ਤੰਗੌਰੀ ਤੋਂ ਬਨੂੜ ਤੱਕ ਦਾ ਬੱਸ ਸਫ਼ਰ ਮਸੀਂ ਅੱਠ ਤੋਂ ਦਸ ਮਿੰਟ ਦਾ ਹੈ। ਅਜਿਹੀ ਸਥਿਤੀ ਵਿਚ ਤੰਗੌਰੀ ਵਿਖੇ ਪੰਦਰਾਂ ਮਿੰਟ ਰੁਕਣ ਵਾਲੀ ਬੱਸ ਨੂੰ ਜੇਕਰ ਬਨੂੜ ਤੱਕ ਵਧਾ ਦਿੱਤਾ ਜਾਵੇ ਤਾਂ ਇਹ ਬੱਸ ਬਨੂੜ ਪਹੁੰਚ ਕੇ ਵੀ ਪੰਜ ਮਿੰਟ ਰੁਕ ਸਕਦੀ ਹੈ। ਤੰਗੌਰੀ ਸਿਰਫ਼ ਪਿੰਡ ਹੈ, ਜਿੱਥੇ ਸਵਾਰੀਆਂ ਵੀ ਸੀਮਤ ਹਨ। ਬਨੂੜ ਵੀਹ ਹਜ਼ਾਰ ਦੇ ਕਰੀਬ ਦੀ ਆਬਾਦੀ ਵਾਲਾ ਸ਼ਹਿਰ ਹੈ ਅਤੇ ਇਸ ਦੇ ਆਲੇ ਦੁਆਲੇ ਦੋ ਤੋਂ ਪੰਜ-ਸੱਤ ਕਿਲੋਮੀਟਰ ਦੇ ਘੇਰੇ ਵਿਚ ਪੱਚੀ ਤੋਂ ਤੀਹ ਪਿੰਡ ਪੈਂਦੇ ਹਨ ਅਤੇ ਇੱਥੋਂ ਸੈਂਕੜੇ ਸਵਾਰੀਆਂ ਚੰਡੀਗੜ੍ਹ-ਮੁਹਾਲੀ ਲਈ ਸਫ਼ਰ ਕਰਦੀਆਂ ਹਨ।
ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ, ਅਕਾਲੀ ਦਲ ਦੇ ਆਗੂ ਸਾਧੂ ਸਿੰਘ ਖਲੌਰ, ਕਾਂਗਰਸ ਦੇ ਆਗੂ ਕੁਲਵਿੰਦਰ ਸਿੰਘ ਭੋਲਾ, ਸੀ ਪੀ ਐੱਮ ਦੇ ਆਗੂ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ, ਕਾਮਰੇਡ ਪ੍ਰੇਮ ਸਿੰਘ ਘੜਾਮਾਂ, ਬਸਪਾ ਦੇ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ੍ਹ, ਬੰਨੋ ਮਾਈ ਮੰਦਰ ਕਮੇਟੀ ਦੇ ਪ੍ਰਧਾਨ ਐਡਵੋਕੇਟ ਬਿਕਰਮਜੀਤ ਪਾਸੀ, ਆੜ੍ਹਤੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਜੈਨ ਬਨੂੜ, ਯੂਥ ਕੇਸਰੀ ਟੀਮ ਦੇ ਆਗੂ ਜ਼ੋਰਾ ਸਿੰਘ ਬਨੂੜ, ਮਿਸ਼ਨ ਵਿੱਦਿਆ ਫਾਊਂਡੇਸ਼ਨ ਦੇ ਕਾਰਕੁਨ ਅਵਤਾਰ ਸਿੰਘ ਬਨੂੜ ਨੇ ਸੀ ਟੀ ਯੂ ਦੇ ਜਨਰਲ ਮੈਨੇਜਰ ਤੇ ਹੋਰ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਸੀ ਟੀ ਯੂ ਦੀ ਤੰਗੌਰੀ ਤੱਕ ਆਉਂਦੀ ਰੂਟ ਨੰਬਰ 242 ਦੀ ਬੱਸ ਸੇਵਾ ਬਨੂੜ ਤੱਕ ਕੀਤੀ ਜਾਵੇ।

