ਘਰ ਵਿੱਚ ਵੜ ਕੇ ਗੋਲੀਆਂ ਚਲਾਈਆਂ
ਇੱਥੋਂ ਦੇ ਪਿੰਡ ਨਾਭਾ ਸਾਹਿਬ ਵਿੱਚ ਇਕ ਵਿਅਕਤੀ ਵੱਲੋਂ ਉਧਾਰ ਦਿੱਤੇ ਪੈਸੇ ਮੰਗਣ ਵਾਲੇ ਵਿਅਕਤੀ ਦੇ ਘਰ ਵੜ ਕੇ ਗੋਲੀਆਂ ਚਲਾਈਆਂ ਗਈਆਂ। ਇਸ ਕਾਰਨ ਦੋ ਜਣੇ ਜ਼ਖ਼ਮੀ ਹੋ ਗਏ। ਪੁਲੀਸ ਨੇ ਜ਼ਖ਼ਮੀ ਦੀ ਭੈਣ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੂਨਮ ਸ਼ਰਮਾ ਪਤਨੀ ਰੋਹਤਾਸ ਸ਼ਰਮਾ ਨੇ ਦੱਸਿਆ ਕਿ ਕੱਲ੍ਹ ਉਹ ਆਪਣੇ ਭਰਾ ਰਵੀ ਨਾਲ ਉਹ ਫਲੈਟ ਨੰਬਰ ਸੀ-4 ਦੇਵ ਭੂਮੀ ਹੋਮਸ ਵਿੱਚ ਮੌਜੂਦ ਸੀ। ਇਸ ਦੌਰਾਨ ਦੇਰ ਰਾਤ ਸੰਦੀਪ ਸ਼ਰਾਬ ਦੇ ਨਸ਼ੇ ਵਿੱਚ ਆਇਆ ਤੇ ਉਸ ਦੇ ਭਰਾ ਕੁੱਟਮਾਰ ਕੀਤੀ। ਗੁੱਸੇ ਵਿੱਚ ਮੁਲਜ਼ਮ ਨੇ ਉਸ ਦੇ ਭਰਾ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਉਨ੍ਹਾਂ ਦਾ ਗੁਆਂਢੀ ਸੁਰੇਸ਼ ਉਸ ਦੇ ਭਰਾ ਨੂੰ ਛੁਡਵਾਉਣ ਆਇਆ ਤਾਂ ਮੁਲਜ਼ਮ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਮੌਕੇ ’ਤੇ ਲੋਕ ਇਕੱਤਰ ਹੁੰਦੇ ਦੇਖ ਮੁਲਜ਼ਮ ਆਪਣੀ ਗੱਡੀ ਵਿੱਚ ਮੌਕੇ ਤੋਂ ਫ਼ਰਾਰ ਹੋ ਗਿਆ। ਦੋਵਾਂ ਜ਼ਖ਼ਮੀਆਂ ਨੂੰ ਪੰਚਕੂਲਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿਥੇ ਉਹ ਜ਼ੇਰੇ ਇਲਾਜ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਸੰਦੀਪ ਨੇ ਉਸ ਦੇ ਭਰਾ ਰਵੀ ਤੋਂ ਅੱਸੀ ਹਜ਼ਾਰ ਰੁਪਏ ਉਧਾਰ ਲਏ ਸਨ ਜੋ ਉਸ ਦਾ ਭਰਾ ਵਾਰ-ਵਾਰ ਵਾਪਸ ਮੰਗ ਕਰ ਰਿਹਾ ਸੀ। ਇਸ ਦੀ ਰੰਜਿਸ਼ ਕਾਰਨ ਮੁਲਜ਼ਮ ਨੇ ਜ਼ਬਰਦਸਤੀ ਘਰ ਵੜ ਕੇ ਇਹ ਹਮਲਾ ਕੀਤਾ ਹੈ।
ਥਾਣਾ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਸੰਦੀਪ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।