ਖਰੜ-ਲਾਂਡਰਾਂ-ਬਨੂੜ ਸੜਕ ’ਤੇ ਨਹੀਂ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 22 ਜੂਨ
ਖਰੜ ਤੋਂ ਲਾਂਡਰਾਂ ਨੂੰ ਹੋ ਕੇ ਬਨੂੜ ਜਾਂਦੇ ਕੌਮੀ ਮਾਰਗ ਦੇ 24 ਕਿਲੋਮੀਟਰ ਲੰਮੇ ਪੰਧ ਉੱਤੇ ਪੈਂਦੇ ਕਿਸੇ ਵੀ ਪਿੰਡ ਅਤੇ ਕਸਬੇ ਨੂੰ ਹਾਲੇ ਤੱਕ ਸੀਨੀਅਰ ਸੈਕੰਡਰੀ ਸਕੂਲ ਨਸੀਬ ਨਹੀਂ ਹੋ ਸਕਿਆ। ਇੱਥੋਂ ਤੱਕ ਕਿ ਪਿੰਡ ਲਾਂਡਰਾਂ ਦਾ 1954 ਵਿੱਚ ਬਣਿਆ ਸਰਕਾਰੀ ਹਾਈ ਸਕੂਲ ਹਾਲੇ ਤੱਕ ਅਪਗਰੇਡ ਨਹੀਂ ਹੋ ਸਕਿਆ ਹੈ। ਇਸ ਮਾਰਗ ਉੱਤੇ ਚਾਰ ਹਾਈ ਸਕੂਲ ਲਾਂਡਰਾਂ, ਸਨੇਟਾ, ਤੰਗੌਰੀ ਅਤੇ ਮੋਟੇਮਾਜਰਾ ਵਿੱਚ ਮੌਜੂਦ ਹਨ ਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹੀਂ ਹੈ। ਸਨੇਟਾ ਦੇ ਹਾਈ ਸਕੂਲ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਅਧੀਨ ਪ੍ਰਧਾਨ ਮੰਤਰੀ ਸ੍ਰੀ ਸਰਕਾਰੀ ਹਾਈ ਸਕੂਲ ਬਣਾਇਆ ਜਾ ਚੁੱਕਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਨੂੜ ਵਿੱਚ ਬਹੁਤ ਪੁਰਾਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਜੋ ਹੁਣ ਸਕੂਲ ਆਫ਼ ਐਮੀਂਨੈਂਸ ਬਣਾਇਆ ਗਿਆ ਹੈ। ਇਸੇ ਤਰ੍ਹਾਂ ਖਰੜ ਵਿੱਚ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਪਰ ਇਸ ਮਾਰਗ ਉੱਤੇ ਪੈਂਦੇ ਬਾਕੀ ਪਿੰਡਾਂ ਸੰਤੇਮਾਜਰਾ, ਚੱਪੜਚਿੜ੍ਹੀ, ਕੈਲੋਂ, ਲਾਂਡਰਾਂ, ਭਾਗੋਮਾਜਰਾ, ਬੈਰੋਂਪੁਰ, ਰਾਏਪੁਰ ਕਲਾਂ, ਸਨੇਟਾ, ਬਠਲਾਣਾ, ਦੈੜੀ, ਤੰਗੌਰੀ ਤੇ ਮੋਟੇਮਾਜਰਾ ਵਿੱਚ ਕਿਸੇ ਵੀ ਪਿੰਡ ਵਿੱਚ ਹਾਲੇ ਤੱਕ ਸੀਨੀਅਰ ਸੈਕੰਡਰੀ ਸਕੂਲ ਨਹੀਂ ਬਣਿਆ।
ਇਸ ਮਾਰਗ ਤੋਂ ਪਿੱਛੇ ਹਟਵੇਂ ਪੈਂਦੇ ਪਿੰਡ ਕੁਰੜੀ, ਗੀਗੇਮਾਜਰਾ, ਗੋਬਿੰਦਗੜ੍ਹ ਅਤੇ ਮਜਾਤੜੀ ਵਿੱਚ ਸੀਨੀਅਰ ਸੈਕੰਡਰੀ ਮੌਜੂਦ ਹਨ ਪਰ ਇਨ੍ਹਾਂ ਸਕੂਲਾਂ ਵਿਚ ਸਿਰਫ਼ ਆਰਟਸ ਗਰੁੱਪ ਦੀ ਹੀ ਪੜ੍ਹਾਈ ਹੁੰਦੀ ਹੈ। ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਗਰੁੱਪਾਂ ਦੀ ਪੜ੍ਹਾਈ ਕਰਨ ਲਈ ਤਿੰਨ ਦਰਜਨ ਦੇ ਕਰੀਬ ਪਿੰਡਾਂ ਦੇ ਸੈਂਕੜੇ ਵਿਦਿਆਰਥੀਆਂ ਨੂੰ ਕਈ-ਕਈਂ ਬੱਸਾਂ ਬਦਲ ਕੇ ਪੰਦਰਾਂ ਤੋਂ ਵੀਹ ਕਿਲੋਮੀਟਰ ਦੂਰ ਪੈਂਦੇ ਪਿੰਡ ਸੋਹਾਣਾ, ਮਨੌਲੀ ਅਤੇ ਮੁਹਾਲੀ ਦੇ ਸਕੂਲਾਂ ਵਿੱਚ ਜਾਣਾ ਪੈਂਦਾ ਹੈ। ਪਿੰਡਾਂ ਵਿੱਚ ਬੱਸ ਸਰਵਿਸ ਉਪਲਬੱਧ ਨਾ ਹੋਣ ਕਾਰਨ ਬੱਚਿਆਂ ਨੂੰ ਖ਼ੁਦ ਦੇ ਆਟੋ ਕਿਰਾਏ ਉੱਤੇ ਕਰ ਕੇ ਸਕੂਲਾਂ ਤੱਕ ਜਾਣਾ ਪੈਂਦਾ ਹੈ। ਉਨ੍ਹਾਂ ਨੂੰ ਮਹੀਨੇ ਦੇ ਇੱਕ ਹਜ਼ਾਰ ਤੋਂ ਪੰਦਰਾਂ ਸੌ ਰੁਪਏ ਕਿਰਾਏ ਦੇ ਦੇਣੇ ਪੈਂਦੇ ਹਨ। ਲੜਕੀਆਂ ਨੂੰ ਹੋਰ ਵੀ ਵੱਧ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਾਂਗਰਸ ਦੀ ਸਰਕਾਰ ਸਮੇਂ 2021 ਵਿੱਚ ਲਾਂਡਰਾਂ ਅਤੇ ਸਨੇਟਾ ਸਕੂਲਾਂ ਨੂੰ ਹਾਈ ਤੋਂ ਸੀਨੀਅਰ ਸੈਕੰਡਰੀ ਬਣਾਇਆ ਗਿਆ ਸੀ। ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਸੀ ਤੇ ਇਨ੍ਹਾਂ ਸਕੂਲਾਂ ਦੀ ਪੜ੍ਹਾਈ ਅਪਰੈਲ 2022 ਦੇ ਸੈਸ਼ਨ ਤੋਂ ਆਰੰਭ ਹੋਣੀ ਸੀ। ਇਸੇ ਦੌਰਾਨ ‘ਆਪ’ ਦੀ ਸਰਕਾਰ ਬਣ ਗਈ ਅਤੇ ਪਿਛਲੀ ਸਰਕਾਰ ਦੇ ਹੁਕਮ ਲਾਗੂ ਨਹੀਂ ਕੀਤੇ ਗਏ। ਲਾਂਡਰਾਂ ਸਕੂਲ ਤੋਂ 1959 ’ਚ ਦਸਵੀਂ ਪਾਸ ਕਰਨ ਵਾਲੇ ਪਿੰਡ ਦੇ ਸਾਬਕਾ ਸਰਪੰਚ ਹਰਚਰਨ ਸਿੰਘ, ਨੰਬਰਦਾਰ ਸਤਨਾਮ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਪਰਮਜੀਤ ਕੌਰ ਲਾਂਡਰਾਂ ਅਤੇ ਸਨੇਟਾ ਦੇ ਸਰਪੰਚ ਗੁਰਦੇਸ਼ ਸਿੰਘ ਨੇ ਆਪੋ-ਆਪਣੇ ਪਿੰਡਾਂ ਦੇ ਸਕੂਲਾਂ ਦਾ ਤੁਰੰਤ ਦਰਜਾ ਵਧਾਉਣ ਦੀ ਮੰਗ ਕੀਤੀ ਹੈ।
‘ਤਜਵੀਜ਼ਾਂ ਵਿਭਾਗ ਨੂੰ ਭੇਜੀਆਂ’
ਮੁਹਾਲੀ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਕੂਲਾਂ ਨੂੰ ਲੋੜ ਅਨੁਸਾਰ ਅਪਗਰੇਡ ਕਰਨ ਅਤੇ ਸਕੂਲਾਂ ਵਿੱਚ ਵੱਖ-ਵੱਖ ਸਟਰੀਮਾਂ ਦੀ ਪੜ੍ਹਾਈ ਆਰੰਭ ਕਰਨ ਸਬੰਧੀ ਤਜਵੀਜ਼ਾਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸੂਬੇ ਦੇ ਸਕੂਲਾਂ ਦਾ ਦਰਜਾ ਵਧਾਉਣ ਅਤੇ ਸਟਰੀਮਾਂ ਸਬੰਧੀ ਜਲਦੀ ਹੀ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਹੈ।