ਦੀਵਾਲੀ ਮਨਾਉਣ ਸਬੰਧੀ ਲੋਕਾਂ ਵਿੱਚ ਭੰਬਲਭੂਸਾ ਪਿਆ
ਜ਼ਿਆਦਾਤਰ ਲੋਕ 21 ਅਕਤੂਬਰ ਨੂੰ ਮਨਾਉਣਗੇ ਦੀਵਾਲੀ; ਦੀਵਾਲੀ ਦੀ ਛੁੱਟੀ 20 ਨੂੰ
ਦੀਵਾਲੀ 20 ਜਾਂ 21 ਅਕਤੂਬਰ ਨੂੰ ਮਨਾਉਣ ਲਈ ਐਤਕੀਂ ਲੋਕਾਂ ਵਿੱਚ ਕਾਫ਼ੀ ਜ਼ਿਆਦਾ ਭੰਬਲਭੂਸਾ ਪੈਦਾ ਹੋ ਗਿਆ ਹੈ। ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ, ਫੈਕਟਰੀਆਂ ਵਿੱਚ ਦੀਵਾਲੀ ਦੀ ਛੁੱਟੀ 20 ਅਕਤੂਬਰ ਨੂੰ ਕੀਤੀ ਗਈ ਹੈ ਪਰ ਜ਼ਿਆਦਾਤਰ ਲੋਕ 21 ਅਕਤੂਬਰ ਨੂੰ ਦੀਵਾਲੀ ਮਨਾਉਣ ਦੇ ਰੌਂਅ ਵਿੱਚ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਬੰਦੀ ਛੋੜ ਦਿਵਸ 21 ਅਕਤੂਬਰ ਨੂੰ ਮਨਾਏ ਜਾਣ ਦੇ ਐਲਾਨ ਮਗਰੋਂ ਲੋਕਾਂ ਵੱਲੋਂ ਮੰਗਲਵਾਰ ਨੂੰ ਹੀ ਦੀਵਾਲੀ ਮਨਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਇਸ ਸਬੰਧੀ ਜਦੋਂ ਵੱਖ-ਵੱਖ ਪਿੰਡਾਂ ਦੇ ਮੋਹਤਬਰਾਂ ਅਤੇ ਹੋਰ ਵਿਅਕਤੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ 21 ਅਕਤੂਬਰ ਨੂੰ ਹੀ ਦੀਵਾਲੀ ਮਨਾਉਣਗੇ। ਕਈ ਨੌਕਰੀਪੇਸ਼ਾ ਵਿਅਕਤੀਆਂ ਦਾ ਕਹਿਣਾ ਸੀ ਕਿ ਸਾਰਾ ਦੇਸ਼ 20 ਅਕਤੂਬਰ ਨੂੰ ਦੀਵਾਲੀ ਮਨਾ ਰਿਹਾ ਹੈ ਤੇ ਸਰਕਾਰੀ ਛੁੱਟੀ ਵੀ ਇਸੇ ਦਿਨ ਹੈ, ਇਸ ਕਰ ਕੇ ਉਹ ਦੀਵਾਲੀ ਸੋਮਵਾਰ ਨੂੰ ਹੀ ਮਨਾਉਣਗੇ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਨਾਲ ਕੋਈ ਜ਼ਿਆਦਾ ਫ਼ਰਕ ਨਹੀਂ ਪੈਂਦਾ। ਕਈ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਸੀ ਕਿ ਬਹੁਤ ਸਾਰੇ ਲੋਕ ਦੋ ਦਿਨ ਹੀ ਦੀਵਾਲੀ ਮਨਾਉਣਗੇ ਅਤੇ ਉਨ੍ਹਾਂ ਦੀ ਗਾਹਕੀ ਵਧੇਗੀ। ਗੁਰਦੁਆਰਿਆਂ ਵਿੱਚ ਬੰਦੀ ਛੋੜ ਦਿਵਸ 21 ਅਕਤੂਬਰ ਨੂੰ ਮਨਾਇਆ ਜਾਵੇਗਾ। ਸਕੂਲਾਂ ਵੱਲੋਂ ਇਸ ਵਾਰ ਗਰੀਨ ਦੀਵਾਲੀ ਮਨਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਚਿੱਲਾ ਪਿੰਡ ਦੀ ਦੀਵਾਲੀ ਬਾਰੇ ਵੀ ਦੁਬਿਧਾ
ਮੁਹਾਲੀ ਦੇ ਸੈਕਟਰ-81 ਵਿੱਚ ਪੈਂਦੇ ਪਿੰਡ ਚਿੱਲਾ ਦੇ ਵਸਨੀਕ ਸਦੀਆਂ ਪੁਰਾਣੀ ਰਵਾਇਤ ਤਹਿਤ ਦੇਸ਼ ਦੀ ਦੀਵਾਲੀ ਤੋਂ ਦੂਜੇ ਦਿਨ ਦੀਵਾਲੀ ਮਨਾਉਂਦੇ ਹਨ। ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਵਾਰ ਸਮੁੱਚੀ ਦੀਵਾਲੀ ਮਨਾਏ ਜਾਣ ਬਾਰੇ ਹੀ ਦੁਬਿਧਾ ਹੈ, ਇਸ ਕਰ ਕੇ ਉਨ੍ਹਾਂ ਵੱਲੋਂ ਦੀਵਾਲੀ 22 ਅਕਤੂਬਰ ਨੂੰ ਮਨਾਏ ਜਾਣ ਬਾਰੇ ਵਿਚਾਰ ਕੀਤੀ ਜਾ ਰਹੀ ਹੈ। ਕਈਆਂ ਦਾ ਕਹਿਣਾ ਸੀ ਕਿ ਜੇ ਪੰਜਾਬ ਵਿੱਚ ਦੀਵਾਲੀ 20 ਅਕਤੂਬਰ ਨੂੰ ਹੀ ਮਨਾਈ ਗਈ ਤਾਂ ਉਹ ਪੁਰਾਣੀ ਪ੍ਰੰਪਰਾ ਅਨੁਸਾਰ ਦੂਜੇ ਦਿਨ ਭਾਵ 21 ਅਕਤੂਬਰ ਨੂੰ ਦੀਵਾਲੀ ਮਨਾਉਣਗੇ।