ਮੁਹਾਲੀ ਪੁਲੀਸ ਨੇ ਫੇਜ਼ 10 ਵਿੱਚ ਹੋਈ ਚੋਰੀ ਮਾਮਲਾ ਹੱਲ ਕਰਦਿਆਂ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਗਹਿਣੇ ਤੇ ਨਕਦੀ ਬਰਾਮਦ ਕੀਤੀ ਹੈ। ਅਕਤੂਬਰ ਮਹੀਨੇ 31 ਤਰੀਕ ਦੀ ਦਰਮਿਆਨੀ ਰਾਤ ਨੂੰ ਕੋਠੀ ਨੰਬਰ 1626, ਫੇਜ਼-10, (ਸੈਕਟਰ-64) ਮੁਹਾਲੀ ਵਿੱਚੋਂ ਚੋਰੀ ਦੀ ਵਾਰਦਾਤ ਹੋਈ ਸੀ।
ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਵਾਰਦਾਤ ਮਗਰੋਂ ਥਾਣਾ ਫੇਸ-11 ਮੁਹਾਲੀ ਦੀਆਂ ਦੀਆਂ ਟੀਮਾਂ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਗ੍ਰਿਫ਼ਤਾਰ ਮੁਲਜ਼ਮਾਂ ਪਛਾਣ ਬਿਜੇਂਦਰ ਵਰਮਾ (36) ਵਾਸੀ ਗਲ਼ੀ ਨੰਬਰ 2 ਵਿਕਾਸ ਨਗਰ, ਥਾਣਾ ਸਿਟੀ ਸੋਨੀਪਤ, ਜ਼ਿਲਾ ਸੋਨੀਪਤ, ਹਰਿਆਣਾ ਅਤੇ ਸੰਜੈ ਕਟਾਰੀਆ (43) ਵਾਸੀ ਪਿੰਡ ਆਟਾ, ਥਾਣਾ ਸੰਭਾਲਕਾ, ਜ਼ਿਲ੍ਹਾ ਪਾਣੀਪਤ (ਹਰਿਆਣਾ) ਵਜੋਂ ਹੋੋਈ। ਬਿਜੇਂਦਰ ਨੂੰ ਸੋਨੀਪਤ ਤੋਂ ਅਤੇ ਸੰਜੈ ਨੂੰ ਉਸ ਦੇ ਪਿੰਡ ਆਟਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਐੱਸ ਐੱਸ ਪੀ ਨੇ ਦੱਸਿਆ ਕਿ 1 ਨਵੰਬਰ ਨੂੰ ਚਰਨਜੀਤ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਚੋਰੀ ਦਾ ਪਰਚਾ ਦਰਜ ਹੋਇਆ ਸੀ। ਪੀੜਤ ਨੇ ਦੱਸਿਆ ਸੀ ਆਪਣੇ ਭਤੀਜੇ ਦੇ ਵਿਆਹ ਤੇ ਐਰੋਸਿਟੀ ਮੁਹਾਲੀ ਗਿਆ ਸੀ। ਜਦੋਂ ਪਰਿਵਾਰ ਸਣੇ ਘਰ ਦੇਖਿਆ ਤਾਂ ਘਰ ਅੰਦਰੋਂ ਅਲਮਾਰੀ ’ਚੋਂ ਸੋਨੇ ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ ਹੋ ਚੁੱਕੀ ਸੀ। ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਸੋਨੇ ਦੇ ਗਹਿਣੇ (ਕਰੀਬ 10 ਤੋਲ਼ੇ), ਚਾਂਦੀ ਦੇ ਗਹਿਣੇ (860 ਗ੍ਰਾਮ) ਤੇ 50 ਹਜ਼ਾਰ ਰੁਪਏ ਨਕਦੀ, ਵਾਰਦਾਤ ਵਿੱਚ ਵਰਤਿਆ ਗਿਆ ਪਲਸਰ ਮੋਟਰਸਾਈਕਲ ਅਤੇ ਇੱਕ ਹੁੰਡਈ ਆਈ 10 ਕਾਰ ਬਰਾਮਦ ਕੀਤੀ ਗਈ ਹੈ। ਮੁਲਜ਼ਮ ਪੁਲੀਸ ਰਿਮਾਂਡ ’ਤੇ ਹਨ।

