ਯੂਟੀ ਪ੍ਰਸ਼ਾਸਨ ਨੇ ਪੀਜੀਆਈ ਤੋਂ ਸਾਰੰਗਪੁਰ ਤੱਕ ਫਲਾਈਓਵਰ ਦੀ ਮੁੜ ਤਿਆਰੀ ਖਿੱਚੀ
ਆਤਿਸ਼ ਗੁਪਤਾ
ਚੰਡੀਗੜ੍ਹ, 21 ਸਤੰਬਰ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਟਰੈਫ਼ਿਕ ਜਾਮ ਦੀ ਸਮੱਸਿਆ ਦੇ ਨਿਪਟਾਰੇ ਲਈ ਵੱਖ-ਵੱਖ ਕਿਸਮ ਤੋਂ ਚਾਰਾਜੋਈ ਕੀਤੀ ਜਾ ਰਹੀ ਹੈ। ਇਸੇ ਲੜੀ ’ਚ ਨਿਊ ਚੰਡੀਗੜ੍ਹ ਤੋਂ ਪੀਜੀਆਈ ਆਉਣ ਵਾਲੇ ਮਰੀਜ਼ਾਂ ਨੂੰ ਖੁੱਡਾ ਲਾਹੌਰਾ ਤੇ ਖੁੱਡਾ ਜੱਸੂ ਕੋਲ ਟਰੈਫ਼ਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਯੂਟੀ ਪ੍ਰਸ਼ਾਸਨ ਨੇ ਪੀਜੀਆਈ ਤੋਂ ਸਾਰੰਗਪੁਰ ਤੱਕ ਫਲਾਈਓਵਰ ਬਣਾਉਣ ਦੀ ਮੁੜ ਤਿਆਰੀ ਖਿੱਚ ਲਈ ਹੈ। ਯੂਟੀ ਦੇ ਇੰਜਨੀਅਰਿੰਗ ਵਿਭਾਗ ਵੱਲੋਂ ਟਰੈਫਿਕ ਕੰਸਲਟੈਂਟ ਤੋਂ ਵਾਹਨਾਂ ਦੀ ਆਵਾਜਾਈ ਦੀ ਰਿਪੋਰਟ ਮੰਗੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਸਾਲ 2020 ਵਿੱਚ ਪੀਜੀਆਈ ਤੋਂ ਪਿੰਡ ਸਾਰੰਗਪੁਰ ਤੱਕ 1.75 ਕਿਲੋਮੀਟਰ ਲੰਬਾ ਫਲਾਈਓਵਰ ਬਨਾਉਣ ਦੀ ਪੇਸ਼ਕਸ਼ ਕੀਤੀ ਸੀ, ਜਿਸ ’ਤੇ 90 ਕਰੋੜ ਰੁਪਏ ਦੇ ਕਰੀਬ ਖਰਚ ਆਉਣ ਦੀ ਸੰਭਾਵਨਾ ਸੀ। ਪਰ ਯੂਟੀ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਪ੍ਰਾਜੈਕਟ ਨੂੰ ਪ੍ਰਵਾਨਗੀ ਨਹੀਂ ਦਿੱਤੀ ਸੀ। ਅੱਜ ਤਿੰਨ ਸਾਲ ਬਾਅਦ ਮੁੜ ਯੂਟੀ ਪ੍ਰਸ਼ਾਸਨ ਨੇ ਪੀਜੀਆਈ ਤੋਂ ਸਾਰੰਗਪੁਰ ਤੱਕ 1.75 ਕਿਲੋਮੀਟਰ ਦਾ ਫਲਾਈਓਵਰ ਬਨਾਉਣ ਲਈ ਤਿਆਰੀ ਖਿੱਚ ਲਈ ਹੈ। ਇਹ ਫਲਾਈਓਵਰ ਪੀਜੀਆਈ ਤੋਂ ਸ਼ੁਰੂ ਹੋ ਕੇ ਪਿੰਡ ਖੁੱਡਾ ਲਾਹੌਰਾ ਤੇ ਖੁੱਡਾ ਜੱਸੀ ਦੇ ਉਪਰ ਤੋਂ ਲੰਘਦਾ ਹੋਇਆ ਪਿੰਡ ਸਾਰੰਗਪੁਰ ਦੇ ਨਜ਼ਦੀਕ ਜਾ ਕੇ ਖਤਮ ਹੋਵੇਗਾ। ਯੂਟੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਾਈਟਸ ਵੱਲੋਂ ਇਸੇ ਰੂਟ ’ਤੇ ਮੈਟਰੋ ਚਲਾਉਣ ਦਾ ਪ੍ਰਸਤਾਵ ਵੀ ਦਿੱਤਾ ਹੈ, ਜਿਸ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਯੂਟੀ ਦੇ ਪ੍ਰਸ਼ਾਸਕ ਤੇ ਹੋਰਨਾਂ ਅਧਿਕਾਰੀਆਂ ਦੀ ਪ੍ਰਵਾਨਗੀ ਤੋਂ ਬਾਅਦ ਹੀ ਕਾਰਵਾਈ ਕੀਤੀ ਜਾ ਸਕੇਗੀ।