ਦਿ ਟ੍ਰਿਬਿਊਨ ਰੀਡਾਥਨ-2024-25 ਇੰਟਰ ਸਕੂਲ ਅਖ਼ਬਾਰ ਪੜ੍ਹਨ ਦੇ ਮੁਕਾਬਲੇ ਅੱਜ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਫਰਵਰੀ
ਸਕੂਲੀ ਵਿਦਿਆਰਥੀਆਂ ਵਿੱਚ ਅਖ਼ਬਾਰ ਪੜ੍ਹਨ ਦੀ ਰੁਚੀ ਪੈਦਾ ਕਰਨ ਦੇ ਮੰਤਵ ਨਾਲ ‘ਦਿ ਟ੍ਰਿਬਿਊਨ’ ਵੱਲੋਂ 18 ਫਰਵਰੀ ਦਿਨ ਮੰਗਲਵਾਰ ਨੂੰ ‘ਦਿ ਟ੍ਰਿਬਿਊਨ ਰੀਡਾਥਨ-2024-25’ ਇੰਟਰ ਸਕੂਲ ਅਖ਼ਬਾਰ ਪੜ੍ਹਨ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ ਸੈਕਟਰ-31 ਵਿੱਚ ਸਥਿਤ ਸੀਆਈਆਈ ਵਿੱਚ ਸਵੇਰੇ 8.30 ਵਜੇ ਸ਼ੁਰੂ ਹੋਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਟ੍ਰਾਈਸਿਟੀ ਦੇ ਸਕੂਲਾਂ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਸ਼ਾਮਲ ਹੋਣਗੇ। ਦਿ ਟ੍ਰਿਬਿਊਨ ਰੀਡਾਥਨ-2024-25 ਇੰਟਰ ਸਕੂਲ ਅਖ਼ਬਾਰ ਪੜ੍ਹਨ ਦੇ ਮੁਕਾਬਲਿਆਂ ਵਿੱਚ ਮਾਨਵ ਰਚਨਾ ਯੂਨੀਵਰਸਿਟੀ ਮੁੱਖ ਸਪਾਂਸਰ ਅਤੇ ਕ੍ਰਿਸ਼ਨਾ ਆਈਏਐੱਸ ਸਹਿ-ਸਪਾਂਸਰ ਦੇ ਤੌਰ ’ਤੇ ਸ਼ਾਮਲ ਹੋਣਗੇ। ਇਸ ਮੌਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸੂਚਨਾ ਦੇ ਜਨ ਸੰਚਾਰ ਵਿਭਾਗ ਦੇ ਡੀਨ ਪ੍ਰੋ. ਡਾ. ਭਾਰਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਨ੍ਹਾਂ ਵੱਲੋਂ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ‘ਦਿ ਟ੍ਰਿਬਿਊਨ’ ਵੱਲੋਂ ਇਹ ਮੁਕਾਬਲੇ ਵਿਦਿਆਰਥੀਆਂ ਵਿੱਚ ਅਖ਼ਬਾਰ ਪੜ੍ਹਨ ਦੀ ਰੁਚੀ ਪੈਦਾ ਕਰਨ ਅਤੇ ਵਧਾਉਣ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ਹਨ। ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਵੱਡੇ ਮੰਚ ’ਤੇ ਆਪਣੀ ਗੱਲ ਰੱਖਣ ਦਾ ਹੌਸਲਾ ਵੀ ਪ੍ਰਦਾਨ ਕਰਦੇ ਹਨ।