ਤਤਕਾਲੀ ਸਰਕਾਰਾਂ ਨੇ ਘਾੜ ਇਲਾਕਾ ਅਣਗੌਲਿਆਂ ਕੀਤਾ: ਚੱਢਾ
ਜਗਮੋਹਨ ਸਿੰਘ
ਰੂਪਨਗਰ, 28 ਜੂਨ
ਵਿਧਾਇਕ ਦਿਨੇਸ਼ ਚੱਢਾ ਵੱਲੋਂ ਘਾੜ ਇਲਾਕੇ ਦੇ ਪਿੰਡਾਂ ਮਾਜਰੀ ਜੱਟਾਂ ਤੇ ਫ਼ਤਹਿਪੁਰ ਭੰਗਾਲਾ ਵਗੈਰਾ ਨੂੰ ਰੂਪਨਗਰ ਸ਼ਹਿਰ ਨਾਲ ਜੋੜਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸ੍ਰੀ ਚੱਢਾ ਨੇ ਦੱਸਿਆ ਕਿ 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਪੁਲ ਦਾ ਕੰਮ ਲਗਪਗ 6 ਮਹੀਨਿਆਂ ਅੰਦਰ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪੁਲ ਦੀ ਲੋਕਾਂ ਵੱਲੋਂ ਚਿਰਾਂ ਤੋਂ ਮੰਗ ਕੀਤੀ ਜਾ ਰਹੀ ਸੀ, ਪਰ ਪਿਛਲੀਆਂ ਸਰਕਾਰਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਧੀਨ ਉਨ੍ਹਾਂ ਵੱਲੋਂ ਹਲਕੇ ਦੇ ਬਹੁਤ ਸਾਰੇ ਕੰਮ ਕਰਵਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਅੰਦਰ ਜੰਗੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾਣਗੇ।
ਇਸ ਮੌਕੇ ਨਗਰ ਸੁਧਾਰ ਟਰੱਸਟ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਮਾਰਕੀਟ ਕਮੇਟੀ ਚੇਅਰਮੈਨ ਭਾਗ ਸਿੰਘ ਮਦਾਨ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਐੱਮਸੀ ਇੰਦਰਪਾਲ ਸਿੰਘ, ਰਾਜੂ ਸਤਿਆਲ, ਵਿੱਕੀ ਦਸਮੇਸ਼ ਨਗਰ ਤੋਂ ਇਲਾਵਾ ਘਾੜ ਇਲਾਕੇ ਦੇ ਪੰਚ-ਸਰਪੰਚ ਹਾਜ਼ਰ ਸਨ।