ਦੁਕਾਨ ਦਾ ਕਬਜ਼ਾ ਦਿਵਾਉਣ ਆਈ ਟੀਮ ਬੇਰੰਗ ਪਰਤੀ
ਪੱਤਰ ਪ੍ਰੇਰਕ
ਅਮਲੋਹ, 21 ਜੂਨ
ਇੱਥੇ ਸ਼ਹਿਰ ਦੇ ਸੁਰਿੰਦਰ ਕੁਮਾਰ ਅਬਰੋਲ ਨੇ 1988 ਵਿੱਚ ਕਿਰਾਏ ’ਤੇ ਲਈ ਦੁਕਾਨ ਦਾ ਸਾਮਾਨ ਬਾਹਰ ਸੁੱਟਣ ਦੇ ਮਾਮਲੇ ਸਬੰਧੀ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਅੱਜ ਨਾਇਬ ਤਹਿਸੀਲਦਾਰ ਜਤਿੰਦਰ ਸ਼ਰਮਾ ਪੁਲੀਸ ਪਾਰਟੀ ਸਣੇ ਦੁਕਾਨ ਦਾ ਕਬਜ਼ਾ ਦਿਵਾਉਣ ਲਈ ਗਏ। ਇਸ ਦੌਰਾਨ ਦੁਕਾਨ ਦਾ ਸ਼ਟਰ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਪਰਤਣਾ ਪਿਆ। ਉਨ੍ਹਾਂ ਕਿਹਾ ਕਿ ਸ਼ਟਰ ਤੋੜਨ ਲਈ ਐੱਸਡੀਐੱਮ ਅਮਲੋਹ ਤੋਂ ਆਗਿਆ ਲੈਣ ਉਪਰੰਤ ਕਬਜ਼ਾ ਲਿਆ ਜਾਵੇਗਾ।
ਇਸ ਮੌਕੇ ਸ੍ਰੀ ਅਬਰੋਲ ਨੇ ਦੱਸਿਆ ਕਿ ਉਸ ਨੇ ਇਹ ਦੁਕਾਨ ਕਿਰਾਏ ਉੱਪਰ ਲਈ ਹੋਈ ਸੀ ਪਰ ਪ੍ਰਕਾਸ਼ ਕਪੂਰ ਪਤਨੀ ਪ੍ਰਾਣ ਨਾਥ ਕਪੂਰ ਨੇ ਉਸ ਦਾ ਸਾਮਾਨ ਕਥਿਤ ਰੂਪ ਵਿੱਚ ਦੁਕਾਨ ਤੋਂ ਬਾਹਰ ਸੁੱਟ ਦਿੱਤਾ। ਇਸ ਕਾਰਨ ਉਸ ਨੇ 1996 ਵਿੱਚ ਅਦਲਤ ਵਿੱਚ ਪ੍ਰਕਾਸ਼ ਕਪੂਰ ਖ਼ਿਲਾਫ਼ ਕੇਸ ਕਰ ਦਿੱਤਾ ਤੇ ਕਰੀਬ 28 ਸਾਲਾਂ ਬਾਅਦ ਹਾਈ ਕੋਰਟ ਵੱਲੋਂ ਉਸ ਦੇ ਹੱਕ ਵਿੱਚ ਫ਼ੈਸਲਾ ਕੀਤਾ ਗਿਆ। ਐੱਸਡੀਐੱਮ ਅਮਲੋਹ ਨੂੰ ਦੁਕਾਨ ਦਾ ਕਬਜ਼ਾ ਦਿਵਾਉਣ ਦੇ ਆਰਡਰ ਕੀਤੇ ਗਏ। ਇਸ ਨੂੰ ਦੇਖਦੇ ਹੋਏ 20 ਜੂਨ ਨੂੰ ਦੁਕਾਨ ਦਾ ਕਬਜ਼ਾ ਦਿਵਾਉਣ ਲਈ ਪ੍ਰਸ਼ਾਸਨਿਕ ਟੀਮ ਨਾਇਬ ਤਹਿਸੀਲਦਾਰ ਜਤਿੰਦਰ ਸ਼ਰਮਾ ਦੀ ਅਗਵਾਈ ਹੇਠ ਪਹੁੰਚੀ ਪਰ ਸ਼ਟਰ ਖ਼ਰਾਬ ਹੋਣ ਕਾਰਨ ਕਾਰਵਾਈ ਮੁਕੰਮਲ ਨਹੀਂ ਕੀਤੀ ਗਈ।
ਨਾਇਬ ਤਹਿਸੀਲਦਾਰ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਸੁਰਿੰਦਰ ਕੁਮਾਰ ਅਬਰੋਲ ਦੀ ਅਰਜ਼ੀ ’ਤੇ ਉਹ ਕਬਜ਼ਾ ਦਿਵਾਉਣ ਆਏ ਸਨ ਪਰ ਸ਼ਟਰ ਬੰਦ ਹੋਣ ਅਤੇ ਉਸ ਦਾ ਜਿੰਦਾ ਖ਼ਰਾਬ ਹੋਣ ਕਰ ਕੇ ਉਹ ਇਸ ਨੂੰ ਖੋਲ੍ਹ ਨਹੀਂ ਸਕੇ। ਉਨ੍ਹਾਂ ਕਿਹਾ ਕਿ ਹੁਣ ਐੱਸਡੀਐੱਮ ਤੋਂ ਲਿਖਤੀ ਆਗਿਆ ਲੈ ਕੇ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪਟਵਾਰੀ, ਕਾਨੂਗੋ, ਪੁਲੀਸ ਆਦਿ ਮੌਜੂਦ ਸੀ।