ਚੰਡੀਗੜ੍ਹ ਸਥਿਤ ਪੰਜਾਬ ਲੋਕ ਭਵਨ ਵਿੱਚ ਅੱਜ ਉੱਤਰਾਖੰਡ, ਝਾਰਖੰਡ, ਅਸਾਮ ਤੇ ਨਾਗਾਲੈਂਡ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਦੌਰਾਨ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਰਾਜ ਭਵਨ ਦਾ ਨਾਮ ਬਦਲ ਕੇ ਲੋਕ ਭਵਨ ਰੱਖਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਨਾਮ ਭਾਰਤ ਦੀ ਲੋਕਤੰਤਰੀ ਭਾਵਨਾ ਅਤੇ ਲੋਕਾਂ ਦੀ ਭਾਗੀਦਾਰੀ ਦੀ ਆਤਮਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ 562 ਰਿਆਸਤਾਂ ਨੂੰ ਇਕਜੁੱਟ ਕਰਨ ਅਤੇ ਭਾਰਤ ਨੂੰ ਵੰਡਣ ਦੇ ਬਸਤੀਵਾਦੀ ਸਾਜ਼ਿਸ਼ਾਂ ਨੂੰ ਫੇਲ੍ਹ ਕਰਨ ਵਿੱਚ ਵੱਲਭਭਾਈ ਪਟੇਲ ਦੀ ਇਤਿਹਾਸਕ ਭੂਮਿਕਾ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ, ਝਾਰਖੰਡ ’ਚ ਸਥਿਤ ਵਿਸ਼ਵ ਪ੍ਰਸਿੱਧ ਸਥਾਨ, ਅਸਾਮ ’ਚ ਸਥਿਤ ਕਾਮਾਖਿਆ ਮੰਦਰ, ਨਾਗਾਲੈਂਡ ਦੀਆਂ ਸਮਾਜਿਕ, ਸੱਭਿਆਚਾਰਕ, ਭੂਗੋਲਿਕ ਅਤੇ ਇਤਿਹਾਸਕ ਵਿਸ਼ੇਸ਼ਤਾਵਾਂ ਨੂੰ ਭਾਰਤ ਦੀ ਪਛਾਣ ਅਤੇ ਵਿਕਸਿਤ ਭਾਰਤ 2047 ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਸ੍ਰੀ ਕਟਾਰੀਆ ਨੇ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੇ ਸਰਬਉੱਚ ਬਲੀਦਾਨ ਨੂੰ ਯਾਦ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਦੇ ਸਾਹਸ ਅਤੇ ਸਮਰਪਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ।
ਇਸ ਮੌਕੇ ਉੱਤਰਾਖੰਡ, ਝਾਰਖੰਡ, ਅਸਾਮ ਅਤੇ ਨਾਗਾਲੈਂਡ ਨਾਲ ਸਬੰਧਤ ਨਾਚ ਪੇਸ਼ ਕੀਤੇ।

