ਡਰੇਨੇਜ਼ ਵਿਭਾਗ ਵੱਲੋਂ ਇਥੋਂ ਦੇ ਗੁਲਾਬਗੜ੍ਹ ਰੋਡ ਤੋਂ ਲੰਘ ਰਹੇ ਕੁਦਰਤੀ ਨਾਲੇ ਦਾ ਰੁੱਖ ਮੋੜਨ ਦਾ ਫੈਸਲਾ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣ ਗਿਆ ਹੈ। ਲੰਘੇ ਦਿਨਾਂ ਤੋਂ ਪੈ ਰਹੇ ਭਰਵੇਂ ਮੀਂਹ ਦੇ ਪਾਣੀ ਨੂੰ ਨਿਕਾਸੀ ਨਾ ਮਿਲਣ ਕਾਰਨ ਪਾਣੀ ਨੇੜਲੀ ਕਲੋਨੀਆਂ ਵਿੱਚ ਵੜ ਗਿਆ ਹੈ। ਇੱਥੋਂ ਦੀ ਜੀਬੀਪੀ ਸੁਪ੍ਰਿਆ ਸੁਸਾਇਟੀ ਅਤੇ ਹੋਰਨਾਂ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ। ਸਥਿਤੀ ਵਿਗੜਦੀ ਦੇਖ ਡਿਪਟੀ ਕਮਿਸ਼ਨਰ ਮੁਹਾਲੀ ਵੱਲੋਂ ਲੰਘੀਂ ਰਾਤ ਹੀ ਨਾਲੇ ਦਾ ਕੁਦਰਤੀ ਰੁਖ ਮੁੜ ਤੋਂ ਖੁੱਲ੍ਹਵਾਇਆ ਗਿਆ।
ਕਲੋਨੀ ਵਾਸੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਕਲੋਨੀ ਵਿੱਚ ਹਾਲੇ ਵੀ ਪਾਣੀ ਭਰਿਆ ਹੋਇਆ ਹੈ ਜੋ ਪੂਰੀ ਤਰ੍ਹਾਂ ਨਾਲ ਖਾਲੀ ਨਹੀਂ ਹੋਇਆ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਮੁੜ ਤੋਂ ਭਾਰੀ ਬਰਸਾਤ ਹੋਣ ਮਗਰੋਂ ਉਨ੍ਹਾਂ ਦੀ ਕਲੋਨੀ ਵਿੱਚ ਹੜ ਵਰਗੀ ਸਥਿਤੀ ਬਣ ਸਕਦੀ ਹੈ। ਜਾਣਕਾਰੀ ਅਨੁਸਾਰ ਲੰਘੇ ਦੋ ਮਹੀਨੇ ਪਹਿਲਾਂ ਇਕ ਕਲੋਨਾਈਜ਼ਰ ਵਲੋਂ ਉਸ ਦੀ ਜ਼ਮੀਨ ਦੇ ਵਿਚਾਲੇ ਤੋਂ ਰਹੇ ਦਹਾਕਿਆਂ ਪੁਰਾਣੇ ਕੁਦਰਤੀ ਚੋਅ ਦਾ ਰੁਖ ਮੋੜ ਦਿੱਤਾ ਗਿਆ। ਸਥਾਨਕ ਲੋਕਾਂ ਨੇ ਸ਼ਿਕਾਇਤ ਡਰੇਨੇਜ਼ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੀਤੀ ਪਰ ਕਲੋਨਾਈਜ਼ਰ ਵੱਲੋਂ ਇਸ ਦੀ ਮਨਜ਼ੂਰੀ ਹੋਣ ਦਾ ਹਵਾਲਾ ਦਿੱਤਾ ਗਿਆ। ਲੋਕਾਂ ਨੇ ਮੰਗ ਕੀਤੀ ਕਿ ਨਾਲੇ ਦਾ ਕੁਦਰਤੀ ਵਹਾਅ ਮੁੜ ਤੋਂ ਖੋਲ੍ਹਿਆ ਜਾਵੇ ਅਤੇ ਇਸ ਨਾਲ ਛੇੜਛਾੜ ਕਰਨ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਤੁਰੰਤ ਅਧਿਕਾਰੀਆਂ ਨੂੰ ਹਦਾਇਤ ਕਰ ਨਾਲੇ ਦਾ ਕੁਦਰਤੀ ਵਹਾਅ ਮੁੜ ਤੋਂ ਖੁੱਲ੍ਹਵਾ ਦਿੱਤਾ ਸੀ।