ਅਹਿਮ ਜੰਗਾਂ ’ਚ ਜਿੱਤ ਦਿਵਾਉਣ ਵਾਲੇ ਮਿੱਗ-21 ਦੀ ਵਿਦਾਇਗੀ ਅੱਜ
ਚੰਡੀਗਡ਼੍ਹ ਦੇ ਏਅਰ ਫੋਰਸ ਸਟੇਸ਼ਨ ’ਤੇ ਹੋਵੇਗਾ ਸਮਾਗਮ; ਰੱਖਿਆ ਮੰਤਰੀ ਰਾਜਨਾਥ ਸਿੰਘ ਹੋਣਗੇ ਸ਼ਾਮਲ
ਭਾਰਤੀ ਹਵਾਈ ਫ਼ੌਜ ਨੂੰ ਹਰ ਜੰਗ ਵਿੱਚ ਜਿੱਤ ਦਿਵਾਉਣ ਵਿੱਚ ਮੋਹਰੀ ਭੁੂਮਿਕਾ ਨਿਭਾਉਣ ਵਾਲੇ ਮਿੱਗ-21 ਨੂੰ ਭਲਕੇ 26 ਸਤੰਬਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਦਿੱਤਾ ਜਾਵੇਗਾ। ਇਸ ਸਬੰਧੀ ਚੰਡੀਗੜ੍ਹ ਏਅਰ ਫੋਰਸ ਸਟੇਸ਼ਨ ’ਤੇ ਵੱਡਾ ਸਮਾਗਮ ਰੱਖਿਆ ਗਿਆ ਹੈ, ਜਿੱਥੇ ਮਿੱਗ-21 ਜਹਾਜ਼ ਆਖਰੀ ਵਾਰ ਉਡਾਣ ਭਰੇਗਾ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹਿਣਗੇ। ਸਮਾਗਮ ’ਚ ਹਵਾਈ ਫ਼ੌਜ ਦੇ ਏਅਰ ਚੀਫ਼ ਮਾਰਸ਼ਲ ਏ ਪੀ ਸਿੰਘ, ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਸ਼ਿਰਕਤ ਕਰਨਗੇ। ਆਖਰੀ ਫਲਾਈਪਾਸਟ ਦੌਰਾਨ ਮਿੱਗ-21 ਵੱਲੋਂ ‘ਬਾਦਲ’ ਤੇ ‘ਪੈਂਥਰ’ ਫਾਰਮੇਸ਼ਨਾਂ ਬਣਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਮਿੱਗ-21 ਦੀ ਪਹਿਲੀ ਉਡਾਣ ਸਾਲ 1963 ਵਿੱਚ ਚੰਡੀਗੜ੍ਹ ਦੇ ਤਿੰਨ ਤੰਬੂਆਂ ’ਚ ਸਥਿਤ ਏਅਰ ਫੋਰਸ ਸਟੇਸ਼ਨ ਤੋਂ ਹੋਈ ਸੀ। ਮਿੱਗ-21 ਨੇ ਕਈ ਲੜਾਈਆਂ ਵਿੱਚ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮਿੱਗ-21 ਨੇ ਸਾਲ 1965 ਤੇ 1971 ਦੀ ਜੰਗ ਅਤੇ 1999 ਦੀ ਕਾਰਗਿਲ ਜੰਗ ਵਿੱਚ ਜੌਹਰ ਦਿਖਾਏ ਸਨ। ਸਾਲ 2019 ਵਿੱਚ ਬਾਲਾਕੋਟ ਏਅਰ ਸਟ੍ਰਾਈਕ ਦੌਰਾਨ ਵੀ ਮਿੱਗ-21 ਨੇ ਦੁਸ਼ਮਣ ਦੇ ਐੱਫ-16 ਲੜਾਕੂ ਜੈੱਟ ਨੂੰ ਨਸ਼ਟ ਕਰ ਦਿੱਤਾ ਸੀ।