ਮੀਂਹ ਕਾਰਨ ਪਾਰਾ ਡਿੱਗਿਆ, 14 ਸਾਲਾਂ ਵਿੱਚ ਸਭ ਤੋਂ ਠੰਢਾ ਰਿਹਾ ਦਿਨ
ਟ੍ਰਾਈਸਿਟੀ ਵਿੱਚ ਅੱਜ ਸਵੇਰ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ ਜਿਸ ਕਰਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਸ਼ਹਿਰ ਵਿੱਚ ਰੁਕ-ਰੁਕ ਕੇ ਪੈ ਰਹੇ ਮੀਂਹ ਕਰਕੇ ਤਾਪਮਾਨ ਵੀ 3.1 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਚੰਡੀਗੜ੍ਹ ਵਿੱਚ 24 ਘੰਟਿਆਂ ਦੌਰਾਨ 15.2 ਐੱਮਐੱਮ ਮੀਂਹ ਪਿਆ। ਇਸ ਦੇ ਨਾਲ ਹੀ ਅੱਜ ਦਾ ਦਿਨ 14 ਸਾਲਾਂ ਵਿੱਚ ਅਗਸਤ ਮਹੀਨੇ ਦਾ ਸਭ ਤੋਂ ਠੰਢਾ ਦਿਨ ਰਿਹਾ ਹੈ।
ਸ਼ਹਿਰ ਵਿੱਚ ਮੌਸਮ ਖੁਸ਼ਗਵਾਰ ਹੋਣ ਦੇ ਨਾਲ ਹੀ ਲੋਕ ਸੁਖਨਾ ਝੀਲ ਅਤੇ ਹੋਰਨਾਂ ਘੁੰਮਣ ਵਾਲੀਆਂ ਥਾਵਾਂ ’ਤੇ ਮੌਸਮ ਦਾ ਆਨੰਦ ਮਾਣ ਰਹੇ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 24 ਘੰਟਿਆਂ ਦੌਰਾਨ 15.2 ਐੱਮਐੱਮ ਮੀਂਹ ਪਿਆ। ਅੱਜ ਦਾ ਦਿਨ 14 ਸਾਲਾਂ ਵਿੱਚ ਅਗਸਤ ਮਹੀਨੇ ਦਾ ਸਭ ਤੋਂ ਠੰਢਾ ਦਿਨ ਰਿਹਾ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 30.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 3.1 ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 26.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਆਮ ਦੇ ਬਰਾਬਰ ਰਿਹਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅਗਸਤ ਮਹੀਨੇ ਵਿੱਚ ਕਦੇ ਵੀ ਤਾਪਮਾਨ 30 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਅਗਸਤ ਮਹੀਨੇ ਵਿੱਚ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਜਾਂਦਾ ਹੈ। ਮੌਸਮ ਵਿਗਿਆਨੀਆਂ ਨੇ ਸ਼ਹਿਰ ਵਿੱਚ ਅਗਲੇ ਚਾਰ ਦਿਨ 12, 13, 14 ਤੇ 15 ਅਗਸਤ ਨੂੰ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਮੁਹਾਲੀ ਵਿੱਚ 24 ਘੰਟਿਆਂ ਦੌਰਾਨ 6.5 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 30.4 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਪੰਚਕੂਲਾ ਵਿੱਚ ਵੀ ਕਿਣ-ਮਿਣ ਹੁੰਦੀ ਰਹੀ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ।
ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਮਾਮੂਲੀ ਘਟਿਆ
ਚੰਡੀਗੜ੍ਹ ਤੇ ਨਾਲ ਲਗਦੇ ਪਹਾੜੀ ਇਲਾਕੇ ਵਿੱਚ ਰੁਕ-ਰੁਕ ਕੇ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਦੇ ਨਜ਼ਦੀਕ ਚੱਲ ਰਿਹਾ ਸੀ, ਜੋ ਕਿ ਅੱਜ ਮਾਮੂਲੀ ਘਟਿਆ ਹੈ। ਸੁਖਨਾ ਝੀਲ ਵਿੱਚ ਪਾਣੀ ਵਧਣ ਕਰਕੇ ਦੋ ਵਾਰ ਫਲੱਡ ਗੇਟ ਖੋਲ੍ਹੇ ਜਾ ਚੁੱਕੇ ਹਨ। ਅੱਜ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ 1161.6 ਫੁੱਟ ਦਰਜ ਕੀਤਾ ਗਿਆ ਜੋ ਪਿਛਲੇ ਕਈ ਦਿਨਾਂ ਤੋਂ 1162 ਫੁੱਟ ਦੇ ਕਰੀਬ ਸੀ। ਸੁਖਨਾ ਝੀਲ ਵਿੱਚ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ। ਉਧਰ, ਯੂਟੀ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਵਿੱਚ ਪਾਣੀ ਦੇ ਪੱਧਰ ’ਤੇ ਹਰ ਸਮੇਂ ਨਜ਼ਰ ਰੱਖੀ ਜਾ ਰਹੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਣੀ ਵਧਣ ’ਤੇ ਮੁੜ ਤੋਂ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ।
ਪੰਚਕੂਲਾ: ਮੀਂਹ ਕਾਰਨ ਜਨ-ਜੀਵਨ ਠੱਪ
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਵਿੱਚ ਅੱਜ ਦੁਪਹਿਰ ਪਏ ਮੀਂਹ ਨੇ ਪੰਚਕੂਲਾ ’ਚ ਜਨ-ਜੀਵਨ ਪੂਰੀ ਤਰ੍ਹਾਂ ਠੱਪ ਕਰ ਦਿੱਤਾ। ਮੀਂਹ ਸ਼ਾਮ ਤੱਕ ਪੈਂਦਾ ਰਿਹਾ। ਦੁਪਹਿਰ ਦੌਰਾਨ ਭਾਰੀ ਬਰਸਾਤ ਕਾਰਨ ਸਕੂਲਾਂ ਦੇ ਬੱਚੇ ਘਰ ਆਉਣ ਤੋਂ ਲੇਟ ਹੋ ਗਏ। ਸਕੂਲੀ ਬੱਸਾਂ ਅਤੇ ਛੋਟੇ ਵਾਹਨ ਚੌਕਾਂ ’ਤੇ ਇਕੱਠੇ ਹੋਏ ਪਾਣੀ ਵਿੱਚ ਫਸ ਗਏ। ਸੈਕਟਰ-19 ਦੇ ਅੰਡਰਪਾਥ ਵਿੱਚ ਪਾਣੀ ਖੜ੍ਹ ਗਿਆ। ਇਸੇ ਸੈਕਟਰ ਦੇ ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਸੀਵਰੇਜ ਦਾ ਪਾਣੀ ਦਾਖ਼ਲ ਹੋ ਗਿਆ। ਜ਼ੋਰਦਾਰ ਬਰਸਾਤ ਕਾਰਨ ਸੈਕਟਰ-20 ਦੀ ਮਾਰਕੀਟ ਸੈਂਕੜੇ ਰੇਹੜੀ-ਫੜ੍ਹੀ ਵਾਲੇ ਆਪਣਾ ਸਾਮਾਨ ਭਿੱਜਣ ਦੇ ਡਰ ਕਾਰਨ ਘਰਾਂ ਨੂੰ ਚਲੇ ਗਏ। ਮਾਰਕੀਟਾਂ ਦੇ ਬਰਾਂਡੇ ਅਤੇ ਪਾਰਕਿੰਗਾਂ ਸੁੰਨੀਆਂ ਹੋ ਗਈਆਂ। ਘੱਗਰ ਦਰਿਆ ਅਤੇ ਕੁਸ਼ੱਲਿਆ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ’ਤੇ ਚੱਲ ਰਿਹਾ ਹੈ। ਕੁਸ਼ੱਲਿਆ ਡੈਮ ਦੇ ਸਾਇਰਨ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਵਜਾਏ ਜਾਂਦੇ ਹਨ ਕਿਉਂਕਿ ਪਹਾੜਾਂ ਤੋਂ ਆ ਰਿਹਾ ਪਾਣੀ ਦਾ ਤੇਜ਼ ਵਹਾਅ ਡੈਮ ਵਿੱਚੋਂ ਛੱਡਣਾ ਪੈਂਦਾ ਹੈ। ਕੁਸ਼ੱਲਿਆ ਡੈਮ ਦੇ ਨਾਲ ਲਗਦੀਆਂ ਸੂਰਜਪੁਰ ਦੀਆਂ ਬਸਤੀਆਂ ਡੁੱਬਣ ਕੰਢੇ ਹਨ।