ਮਿੱਟੀ ਦੇ ਦੀਵਿਆਂ ਦੀ ਲੋਅ ਚਮਕੀ
ਨਿੱਤ ਦਿਨ ਵਿਗੜ ਰਹੇ ਵਾਤਾਵਰਣ ਦੇ ਮੱਦੇਨਜ਼ਰ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਯਤਨਾਂ ਨੂੰ ਇਸ ਵਾਰ ਬੂਰ ਪੈਣ ਲੱਗਿਆ ਹੈ। ਇਸ ਸਾਲ ਲੋਕ ਪਟਾਕਿਆਂ ਤੇ ਹੋਰ ਬਾਜ਼ਾਰੀ ਸਾਮਾਨ ਦੀ ਥਾਂ ਮਿੱਟੀ ਦੀਆਂ ਚੀਜ਼ਾਂ ਦੀ ਖ਼ਰੀਦ ਕਰਨ ਲੱਗੇ ਹਨ। ਪਹਿਲਾਂ ਦੀਵਾਲੀ ਤੋਂ...
ਨਿੱਤ ਦਿਨ ਵਿਗੜ ਰਹੇ ਵਾਤਾਵਰਣ ਦੇ ਮੱਦੇਨਜ਼ਰ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਯਤਨਾਂ ਨੂੰ ਇਸ ਵਾਰ ਬੂਰ ਪੈਣ ਲੱਗਿਆ ਹੈ। ਇਸ ਸਾਲ ਲੋਕ ਪਟਾਕਿਆਂ ਤੇ ਹੋਰ ਬਾਜ਼ਾਰੀ ਸਾਮਾਨ ਦੀ ਥਾਂ ਮਿੱਟੀ ਦੀਆਂ ਚੀਜ਼ਾਂ ਦੀ ਖ਼ਰੀਦ ਕਰਨ ਲੱਗੇ ਹਨ। ਪਹਿਲਾਂ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਪਟਾਕੇ ਚੱਲਣ ਲੱਗ ਜਾਂਦੇ ਸਨ ਪਰ ਇਸ ਵਾਰ ਪਟਾਕਿਆਂ ਦੀ ਵਿੱਕਰੀ ਦੇ ਥੋੜ੍ਹੇ ਲਾਇਸੈਂਸ ਅਤੇ ਸੀਮਤ ਸਮੇਂ ਦੀ ਮਨਜ਼ੂਰੀ ਕਾਰਨ ਰੁਝਾਨ ਬਦਲਦਾ ਜਾਪ ਰਿਹਾ ਹੈ। ਇਸ ਵਾਰ ਬਾਜ਼ਾਰ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਚੀਨ ਦੀਆਂ ਬਣੀਆਂ ਲੜੀਆਂ ਵੀ ਪਹਿਲਾਂ ਦੇ ਮੁਕਾਬਲੇ ਘੱਟ ਹਨ। ਇਸ ਲਈ ਲੋਕ ਇਸ ਵਾਰ ਮੁੜ ਦੀਵਿਆਂ ਤੇ ਮੋਮਬੱਤੀਆਂ ਦੀ ਖ਼ਰੀਦ ਕਰ ਰਹੇ ਹਨ। ਅਧਿਆਪਕਾ ਹਰਨੀਰ ਕੌਰ ਮਾਂਗਟ ਨੇ ਦੱਸਿਆ ਕਿ ਇਲਾਕੇ ਦੇ ਸਕੂਲਾਂ ਵਿੱਚ ਵੀ ਗਰੀਨ ਦੀਵਾਲੀ ਮੁਹਿੰਮ ਤਹਿਤ ਬੱਚਿਆਂ ਨੂੰ ਪ੍ਰਦੂਸ਼ਣ ਮੁਕਤ ਤਿਉਹਾਰ ਲਈ ਜਾਗਰੂਕ ਕੀਤਾ ਗਿਆ ਹੈ। ਬੱਚਿਆਂ ਨੂੰ ਪਟਾਕਿਆਂ ਤੇ ਲੜੀਆਂ ਦੀ ਥਾਂ ਸਰ੍ਹੋਂ ਦੇ ਤੇਲ ਦੇ ਦੀਵੇ ਜਗਾਉਣ ਲਈ ਕਿਹਾ ਜਾ ਰਿਹਾ ਹੈ।
ਸੀਨੀਅਰ ਅਕਾਲੀ ਆਗੂ ਅਮਨਦੀਪ ਸਿੰਘ ਮਾਂਗਟ, ਬਲਦੇਵ ਸਿੰਘ ਹਾਫਿਜ਼ਾਬਾਦ, ਪੈਨਸ਼ਨਰ ਮਹਾ ਸੰਘ ਦੇ ਪ੍ਰਧਾਨ ਧਰਮਪਾਲ ਸੋਖਲ ਅਤੇ ਬਾਈ ਪਰਮਿੰਦਰ ਸਿੰਘ ਸੇਖੋਂ ਨੇ ਅਦਾਲਤ ਵੱਲੋਂ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਲਈ ਸਮਾਂ ਸੀਮਾ ਤੈਅ ਕਰਨ ਦੀ ਸ਼ਲਾਘਾ ਕੀਤੀ। ਇਸ ਵਾਰ ਦੀਵੇ ਬਣਾਉਣ ਵਾਲਿਆਂ ਦੀ ਮਿਹਨਤ ਦਾ ਵੀ ਮੁੱਲ ਪੈਣ ਦੀ ਸੰਭਾਵਨਾ ਹੈ। ਇਸ ਸਾਲ ਸ਼ਹਿਰਾਂ ਤੇ ਪਿੰਡਾਂ ’ਚ ਵੱਡੀ ਗਿਣਤੀ ਲੋਕ ਮਿੱਟੀ ਦੇ ਦੀਵੇ ਖ਼ਰੀਦ ਰਹੇ ਹਨ।