ਕਾਰਨ ਦੱਸੋ ਨੋਟਿਸ ਦਾ ਮਸਲਾ ਸਟੈਂਡਿੰਗ ਕਮੇਟੀ ਕੋਲ ਪੁੱਜਿਆ
ਪੱਤਰ ਪ੍ਰੇਰਕ
ਚੰਡੀਗੜ੍ਹ, 25 ਜੂਨ
ਪੰਜਾਬ ਯੂਨੀਵਰਸਿਟੀ ਵਿੱਚ ਲਾਅ ਵਿਭਾਗ ਦੀ ਪ੍ਰੋਫੈਸਰ ਡਾ. ਸੁਪਿੰਦਰ ਕੌਰ ਨੂੰ ਵਿਭਾਗ ਦੇ ਚੇਅਰਪਰਸਨ ਵੱਲੋਂ ਜਾਰੀ ਕੀਤੇ ਗਏ ‘ਕਾਰਨ ਦੱਸੋ ਨੋਟਿਸ’ ਦਾ ਮਸਲਾ ਅੱਧ ਵਿਚਾਲੇ ਲਟਕਿਆ ਹੋਇਆ ਹੈ। ਜਾਣਕਾਰੀ ਮੁਤਾਬਕ ਇਸੇ ਸਾਲ 16 ਜਨਵਰੀ ਨੂੰ ਵਿਭਾਗ ਦੇ ਚੇਅਰਪਰਸਨ ਪ੍ਰੋ. ਵੰਦਨਾ ਅਰੋੜਾ ਨੇ ਪ੍ਰੋ. ਸੁਪਿੰਦਰ ਕੌਰ ਨੂੰ ਕੁਝ ਦੋਸ਼ ਲਾਉਂਦਿਆਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਨੋਟਿਸ ਵਿੱਚ ਕਿਹਾ ਗਿਆ ਸੀ ਕਿ 15 ਜਨਵਰੀ ਨੂੰ ਕਮੇਟੀ ਰੂਮ ਵਿੱਚ ਮੀਟਿੰਗ ਦੌਰਾਨ ਉਨ੍ਹਾਂ ਕਥਿਤ ਤੌਰ ’ਤੇ ਫੈਕਲਟੀ ਮੈਂਬਰਾਂ, ਗ਼ੈਰ-ਅਧਿਆਪਨ ਸਟਾਫ਼ ਸਣੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੀ ਮੌਜੂਦਗੀ ਵਿੱਚ ਚੇਅਰਪਰਸਨ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਉਨ੍ਹਾਂ ਨੇ ਕਥਿਤ ਤੌਰ ’ਤੇ ਡਿਊਟੀ ਨਿਭਾਉਣ ਤੋਂ ਵੀ ਇਨਕਾਰ ਕਰ ਦੋਸ਼ ਵੀ ਲਾਇਆ ਗਿਆ ਸੀ।
ਪ੍ਰੋ. ਸੁਪਿੰਦਰ ਕੌਰ ਨੇ ਇਸ ਨੋਟਿਸ ਨੂੰ ਗ਼ਲਤ ਅਤੇ ਪੀਯੂ ਦੇ ਕੈਲੰਡਰ ਨਿਯਮਾਂ ਦੇ ਉਲਟ ਦੱਸਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦੇ ਦਿੱਤੀ। ਇਸ ਵਿੱਚ ਉਨ੍ਹਾਂ ਨੇ ਚੇਅਰਪਰਸਨ ਦੇ ਅਜਿਹਾ ਨੋਟਿਸ ਜਾਰੀ ਕਰਨ ਦੇ ਅਧਿਕਾਰ ’ਤੇ ਸਵਾਲ ਖੜ੍ਹਾ ਕੀਤਾ। ਦਾਇਰ ਰਿੱਟ ਪਟੀਸ਼ਨ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਕੋਈ ਵੀ ਚੇਅਰਪਰਸਨ ਕਿਸੇ ਵੀ ‘ਏ-ਕਲਾਸ’ ਐਂਪਲਾਈਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਨਹੀਂ ਕਰ ਸਕਦਾ। ਅਥਾਰਿਟੀ ਦੇ ਵਕੀਲ ਨੇ ਅਦਾਲਤ ਵਿੱਚ ਪੇਸ਼ ਹੋ ਕੇ ਦੱਸਿਆ ਕਿ ਇਹ ਮਾਮਲਾ ਨਿਬੇੜੇ ਲਈ ਯੂਨੀਵਰਸਿਟੀ ਦੀ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਅਥਾਰਿਟੀ ਦਾ ਜਵਾਬ ਸੁਣ ਕੇ ਅਦਾਲਤ ਨੇ ਰਿੱਟ ਪਟੀਸ਼ਨ ਦਾ ਨਿਬੇੜਾ ਤਾਂ ਕਰ ਦਿੱਤਾ ਪਰ ਹੁਣ ਇਹ ਮਾਮਲਾ ਸਟੈਂਡਿੰਗ ਕਮੇਟੀ ਕੋਲ਼ ਅਟਕ ਗਿਆ ਹੈ।
ਨਵਾਂ ਚੇਅਰਮੈਨ ਲਾਇਆ: ਰਜਿਸਟਰਾਰ
ਪੀਯੂ ਦੇ ਰਜਿਸਟਰਾਰ ਵਾਈਪੀ ਵਰਮਾ ਨੇ ਕਿਹਾ ਕਿ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਦੀ ਤਰੱਕੀ ਹੋਣ ਉਪਰੰਤ ਹੁਣ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਅਤੇ ਨਵੇਂ ਚੇਅਰਮੈਨ ਵੱਲੋਂ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ।