ਬਰਸਾਤੀ ਨਾਲੇ ਦਾ ਕੁਦਰਤੀ ਰੁਖ਼ ਮੋੜਨ ਦਾ ਮਾਮਲਾ: ਸੁਸਾਇਟੀ ਵਿੱਚ ਮੁੜ ਪਾਣੀ ਭਰਨ ਦਾ ਖ਼ਦਸ਼ਾ
ਇਥੋਂ ਦੀ ਗੁਲਾਬਗੜ੍ਹ ਸੜਕ ਤੋਂ ਲੰਘ ਰਹੇ ਬਰਸਾਤੀ ਨਾਲੇ ਦਾ ਕੁਦਰਤੀ ਰੁਖ਼ ਮੋੜਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਜਿਸ ਕਾਰਨ ਬੀਤੇ ਦਿਨੀਂ ਪਾਣੀ ਰਿਹਾਇਸ਼ੀ ਕਲੋਨੀਆਂ ਵਿੱਚ ਵੜ ਗਿਆ ਸੀ। ਮਾਮਲਾ ਵਧਦਾ ਦੇਖ ਡਿਪਟੀ ਕਮਿਸ਼ਨਰ ਮੁਹਾਲੀ ਨੇ ਨਾਲੇ ਦਾ ਕੁਦਰਤੀ ਰੁਖ਼ ਰਾਤ ਨੂੰ ਹੀ ਖੁਲ੍ਹਵਾਇਆ ਜਿਸ ਕਾਰਨ ਪਾਣੀ ਦਾ ਮੁੜ ਨਿਕਾਸ ਹੋਇਆ। ਉਧਰ ਕਲੋਨੀ ਵਾਸੀਆਂ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਕਿ ਇਸ ਨਾਲੇ ਦਾ ਕੁਦਰਤੀ ਵਹਾਅ ਮੋੜਨ ਦੀ ਮਨਜ਼ੂਰੀ ਕਿਸ ਅਧਿਕਾਰੀ ਵੱਲੋਂ ਦਿੱਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਲੋਨਾਈਜ਼ਰਾਂ, ਬਿਲਡਰਾਂ ਤੇ ਜ਼ਮੀਨ ਮਾਲਕਾਂ ਨੂੰ ਫਾਇਦਾ ਪਹੁੰਚਾਉਣ ਲਈ ਪਾਣੀ ਦਾ ਰੁਖ਼ ਮੋੜਿਆ ਗਿਆ ਸੀ। ਕਲੋਨੀ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਵਿੱਢਿਆ ਜਾਵੇਗਾ।
ਜਾਣਕਾਰੀ ਅਨੁਸਾਰ ਗੁਲਾਬਗੜ੍ਹ ਰੋਡ ਤੋਂ ਕਈ ਦਹਾਕਿਆਂ ਪੁਰਾਣਾ ਇੱਕ ਨਾਲਾ ਲੰਘਦਾ ਹੈ ਜਿਸ ਵਿੱਚ ਡੇਰਾਬੱਸੀ ਖੇਤਰ ਦੇ ਕਈ ਪਿੰਡਾਂ ਦਾ ਬਰਸਾਤੀ ਪਾਣੀ ਵਹਿੰਦਾ ਹੈ। ਜ਼ਮੀਨਾਂ ਮਹਿੰਗੀਆਂ ਹੋਣ ਕਾਰਨ ਕਈ ਕਲੋਨਾਈਜ਼ਰਾਂ ਵੱਲੋਂ ਲਗਾਤਾਰ ਇਲਾਕੇ ਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਿਕਲ ਰਹੇ ਕੁਦਰਤੀ ਨਦੀ-ਨਾਲੇ ਵਾਲੀਆਂ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਸਿੱਟੇ ਵਜੋਂ ਇਹ ਨਾਲੇ ਸੁੰਗੜਦੇ ਜਾ ਰਹੇ ਹਨ। ਭੂ-ਮਾਫੀਆ ਵੱਲੋਂ ਇਲਾਕੇ ਵਿੱਚ ਕਈ ਥਾਵਾਂ ’ਤੇ ਇਨ੍ਹਾਂ ਨਾਲਿਆਂ ਨੂੰ ਮਿੱਟੀ ਪਾ ਕੇ ਪੂਰ ਦਿੱਤਾ ਗਿਆ ਹੈ ਜਿਸ ਕਾਰਨ ਮੌਨਸੂਨ ਦੌਰਾਨ ਇਲਾਕੇ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਕੁਦਰਤੀ ਨਦੀ-ਨਾਲਿਆਂ ਦੀ ਮਹੱਤਤਾ ਨੂੰ ਦੇਖਦਿਆਂ ਸੁਪਰੀਮ ਕੋਰਟ ਵੱਲੋਂ ਵੀ ਪਾਣੀ ਦੇ ਕੁਦਰਤੀ ਵਹਾਅ ਮੋੜਨ ਜਾਂ ਬੰਦ ਕਰਨ ’ਤੇ ਪਾਬੰਦੀ ਲਾਈ ਹੋਈ ਹੈ।
ਜ਼ਮੀਨ ਮਾਲਕਾਂ ਅਤੇ ਕਲੋਨਾਈਜ਼ਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਡਰੇਨੇਜ ਵਿਭਾਗ ਵੱਲੋਂ ਮਨਜ਼ੂਰੀ ਲੈ ਕੇ ਇਸ ਨਾਲੇ ਦਾ ਕੁਦਰਤੀ ਰੁਖ਼ ਮੋੜਿਆ ਹੈ। ਉਨ੍ਹਾਂ ਇਸ ਸਬੰਧੀ ਮਨਜ਼ੂਰੀ ਵੀ ਦਿਖਾਈ। ਇਸ ਸਬੰਧੀ ਇਸ ਨਾਲੇ ਦਾ ਰੁਖ਼ ਮੋੜਨ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਾਫੀ ਸ਼ਿਕਾਇਤਾਂ ਕੀਤੀ ਗਈਆਂ ਪਰ ਉਨ੍ਹਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਸਿੱਟੇ ਵਜੋਂ ਮੌਨਸੂਨ ਦੌਰਾਨ ਪਏ ਭਰਵੇਂ ਮੀਂਹ ਕਾਰਨ ਇਸਦੇ ਰਾਹ ਵਿੱਚ ਪੈਣ ਵਾਲੀ ਕਲੋਨੀਆਂ ਵਿੱਚ ਪਾਣੀ ਭਰ ਗਿਆ। ਜੀਬੀਪੀ ਸੁਪਰੀਆ ਕਲੋਨੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ। ਕਲੋਨੀ ਵਿੱਚ ਪਾਣੀ ਭਰਦਾ ਦੇਖ ਸਥਾਨਕ ਲੋਕਾਂ ਨੇ ਇਸਦੀ ਜਾਣਕਾਰੀ ਪਹਿਲਾਂ ਸਥਾਨਕ ਪ੍ਰਸ਼ਾਸਨਿਕ ਦੇ ਅਧਿਕਾਰੀਆਂ ਨੂੰ ਦਿੱਤੀ। ਉਨ੍ਹਾਂ ਵੱਲੋਂ ਗੌਰ ਨਾ ਕੀਤੇ ਜਾਣ ਮਗਰੋਂ ਮਾਮਲਾ ਡਿਪਟੀ ਕਮਿਸ਼ਨਰ ਮੁਹਾਲੀ ਦੇ ਧਿਆਨ ਵਿੱਚ ਲਿਆਂਦਾ ਗਿਆ। ਉਨ੍ਹਾਂ ਨੇ ਅੱਧੀ ਰਾਤ ਨੂੰ ਹੀ ਨਾਲੇ ਦਾ ਕੁਦਰਤੀ ਰੁਖ਼ ਖੁੱਲ੍ਹਵਾਇਆ ਗਿਆ ਜਿਸ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਇਸ ਸਬੰਧੀ ਗੱਲ ਕਰਨ ’ਤੇ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਨੇ ਕਿਹਾ ਕਿ ਉਨ੍ਹਾਂ ਦੇ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਨਾਲੇ ਦਾ ਕੁਦਰਤੀ ਰੁਖ਼ ਖੁੱਲ੍ਹਵਾ ਦਿੱਤਾ ਗਿਆ ਹੈ।