ਖਸਤਾ ਹਾਲ ਸੜਕਾਂ ਦਾ ਮਾਮਲਾ ਡੀਸੀ ਕੋਲ ਪੁੱਜਿਆ
ਜ਼ਿਲ੍ਹਾ ਮੁਹਾਲੀ ਦੀਆਂ ਪੇਂਡੂ ਸੰਪਰਕ ਸੜਕਾਂ ਅਤੇ ਕੌਮੀ ਮਾਰਗਾਂ ਦੀ ਖ਼ਸਤਾ ਹਾਲਤ ਦਾ ਮਾਮਲਾ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਕੋਲ ਪਹੁੰਚ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਸੜਕਾਂ ਦੀ ਹਾਲਤ ਤੁਰੰਤ ਠੀਕ ਕਰਾਉਣ ਅਤੇ ਦਸ ਫੁੱਟ ਵਾਲੀਆਂ ਪੇਂਡੂ ਸੜਕਾਂ ਨੂੰ 18 ਫੁੱਟ ਚੌੜਾ ਕਰਨ ਦੀ ਮੰਗ ਕੀਤੀ ਹੈ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ, ਜਸਪਾਲ ਸਿੰਘ ਨਿਆਮੀਆਂ, ਗੁਰਮੀਤ ਸਿੰਘ ਖੂਨੀਮਾਜਰਾ, ਰਣਬੀਰ ਸਿੰਘ ਗਰੇਵਾਲ, ਦਰਸ਼ਨ ਸਿੰਘ ਦੁਰਾਲੀ, ਕੁਲਵੰਤ ਸਿੰਘ ਚਿੱਲਾ, ਜਸਵੰਤ ਸਿੰਘ ਮਾਣਕਮਾਜਰਾ, ਜਸਪਾਲ ਸਿੰਘ ਲਾਂਡਰਾਂ ਨੇ ਦੱਸਿਆ ਕਿ ਖਰੜ ਤੋਂ ਲਾਂਡਰਾਂ-ਬਨੂੜ ਕੌਮੀ ਮਾਰਗ ਦੀ ਹਾਲਤ ਬੇਹੱਦ ਖਰਾਬ ਹੈ। ਇਸੇ ਤਰਾਂ ਲਾਂਡਰਾਂ ਤੋਂ ਚੂੰਨੀ ਸੜਕ ਪੂਰੀ ਤਰਾਂ ਟੁੱਟ ਚੁੱਕੀ ਹੈ। ਇਵੇਂ ਹੀ ਪਿੰਡ ਕੰਬਾਲਾ ਨੂੰ ਜਾਂਦੀ ਸੜਕ ਵਿਚ ਡੂੰਘੇ ਟੋਏ ਪਏ ਹੋਏ ਹਨ। ਮਨੌਲੀ ਤੋਂ ਚਾਉਮਾਜਰਾ-ਦੈੜੀ, ਚਾਉਮਾਜਰਾ ਤੋਂ ਦੁਰਾਲੀ-ਮੁਹਾਲੀ, ਕੁਰੜਾ ਤੋਂ ਬੜੀ-ਏਅਰੋਸਿਟੀ, ਕੁਰੜਾ ਤੋਂ ਸੇਖਨਮਾਜਰਾ, ਕਰਾਲਾ ਤੋਂ ਕੁਰੜੀ, ਮਾਣਕਪੁਰ ਕੱਲਰ ਤੋਂ ਮਟਰਾਂ, ਸਿਆਊ ਤੋਂ ਮਨੌਲੀ, ਸਵਾੜਾ ਤੋਂ ਚਡਿਆਲਾ ਸੂਦਾਂ, ਭਾਗੋਮਾਜਰਾ ਤੋਂ ਪੱਤੜਾਂ, ਧੀਰਪੁਰ ਤੋਂ ਗੋਬਿੰਦਗੜ੍ਹ, ਗੁਡਾਣਾ ਤੋਂ ਗੀਗੇਮਾਜਰਾ, ਨਿਆਮੀਆਂ ਤੋਂ ਬਾਸੀਆਂ, ਸੰਤੇਮਾਜਰਾ ਤੋਂ ਰਸਨਹੇੜੀ, ਅਤੇ ਜ਼ਿਲ੍ਹੇ ਦੀਆਂ ਲਾਲੜੂ, ਡੇਰਾਬੱਸੀ ਤੇ ਖਰੜ ਖੇਤਰ ਦੀਆਂ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਖਰਾਬ ਸੜਕਾਂ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜ਼ਨ ਅਗਲੇ ਮਹੀਨੇ ਸ਼ੁਰੂ ਹੋਣ ਵਾਲਾ ਹੈ ਅਤੇ ਟੁੱਟੀਆਂ ਹੋਈਆਂ ਸੜਕਾਂ ਕਾਰਨ ਕਿਸਾਨਾਂ ਨੂੰ ਮੰਡੀਆਂ ਤੱਕ ਫ਼ਸਲਾਂ ਪਹੁੰਚਾਣ ਵਿਚ ਵੀ ਦਿੱਕਤ ਆਵੇਗੀ।