ਬਿਜਲੀ ਵਿਭਾਗ ਨੇ ਤਿੰਨ ਟਰਾਂਸਫਾਰਮਰ ਲਾਏ
ਚੰਡੀਗੜ੍ਹ ਵਿੱਚ ਬਿਜਲੀ ਸਪਲਾਈ ਕਰਨ ਵਾਲੀ ਬਿਜਲੀ ਕੰਪਨੀ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਿਟਡ (ਸੀਪੀਡੀਐੱਲ) ਨੇ ਸ਼ਹਿਰ ਵਿੱਚ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਤਿੰਨ ਨਵੇਂ ਟਰਾਂਸਫਾਰਮਰ ਲਾਏ ਹਨ। ਇਸ ਨਾਲ ਸ਼ਹਿਰ ਵਿੱਚ ਬਿਜਲੀ ਦੀ ਸਪਲਾਈ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ। ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਨੇ ਸ਼ਹਿਰ ਦੇ ਇੰਡਸਟਰੀਅਲ ਏਰੀਆ ਫੇਜ਼-2, ਆਈਟੀ ਪਾਰਕ ਤੇ ਸੈਕਟਰ 52 ਵਿੱਚ 66 ਕੇਵੀ ਸਬਸਟੇਸ਼ਨਾਂ ’ਤੇ ਟਰਾਂਸਫਾਰਮਰ ਲਗਾਏ ਹਨ ਜਦੋਂਕਿ ਚੌਥਾ ਪਾਵਰ ਟਰਾਂਸਫਾਰਮਰ ਜਲਦੀ ਲਗਾਇਆ ਜਾਵੇਗਾ।
ਸੀਪੀਡੀਐੱਲ ਦੇ ਡਾਇਰੈਕਟਰ ਅਰੁਣ ਕੁਮਾਰ ਵਰਮਾ ਨੇ ਕਿਹਾ ਕਿ ਇਹ ਪਾਵਰ ਟਰਾਂਸਫਾਰਮਰ ਨਾ ਸਿਰਫ਼ ਮੌਜੂਦਾ ਬੁਨਿਆਦੀ ਢਾਂਚੇ ’ਤੇ ਭਾਰ ਘਟਾਉਣਗੇ ਬਲਕਿ ਭਵਿੱਖ ਦੀ ਮੰਗ ਨੂੰ ਪੂਰਾ ਕਰਨ ਦੀ ਸਮਰੱਥਾ ਨੂੰ ਵੀ ਵਧਾਉਣਗੇ। ਉਨ੍ਹਾਂ ਕਿਹਾ ਕਿ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਪਾਵਰ ਟਰਾਂਸਫਾਰਮਰ ਇੰਡਸਟਰੀਅਲ ਏਰੀਆ ਫੇਜ਼-1 ਅਤੇ 2 ਲਈ ਵੱਡੀ ਰਾਹਤ ਲਿਆਵੇਗਾ। ਇਸ ਨਾਲ ਇਲਾਕੇ ਵਿੱਚ ਬਿਜਲੀ ਦੇ ਕੱਟ ਨਹੀਂ ਲੱਗਣਗੇ। ਇਸੇ ਤਰ੍ਹਾਂ ਆਈਟੀ ਪਾਰਕ ਵਿੱਚ ਟਰਾਂਸਫਾਰਮਰ ਮਨੀਮਾਜਰਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀਆਂ ਵਧਦੀਆਂ ਬਿਜਲੀ ਜ਼ਰੂਰਤਾਂ ਨੂੰ ਪੂਰਾ ਕਰੇਗਾ ਜਦੋਂਕਿ ਸੈਕਟਰ 52 ਵਿੱਚ ਸਥਾਪਿਤ ਟਰਾਂਸਫਾਰਮਰ ਸ਼ਹਿਰ ਦੇ ਦੱਖਣੀ ਖੇਤਰ ਵਿੱਚ ਸਥਿਤ ਸੈਕਟਰ-40 ਤੋਂ 45 ਅਤੇ 50 ਤੋਂ 63 ਅਤੇ ਹੋਰ ਨਾਲ ਲੱਗਦੇ ਖੇਤਰ ਨੂੰ ਲਾਭ ਪਹੁੰਚਾਵੇਗਾ। ਉਨ੍ਹਾਂ ਕਿਹਾ ਕਿ ਸੀਪੀਡੀਐੱਲ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।