ਜ਼ਿਲ੍ਹੇ ਨੂੰ ਮੁਕੰਮਲ ਨਸ਼ਾ ਮੁਕਤ ਕੀਤਾ ਜਾਵੇਗਾ: ਥਿੰਦ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 18 ਜੂਨ
‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ ਪ੍ਰਸ਼ਾਸਨ ਵੱਲੋਂ ਰੋਟਰੀ ਕਲੱਬ ਦੇ ਸਹਿਯੋਗ ਨਾਲ 18 ਮਈ ਨੂੰ ਕਰਵਾਈ ਮੈਰਾਥਨ ਨੂੰ ਸਭ ਤੋਂ ਵੱਡੀ ਸੰਸਥਾਗਤ ਭਾਗੀਦਾਰੀ ਲਈ ‘ਇੰਡੀਆ ਬੁੱਕ ਆਫ ਰਿਕਾਰਡਜ਼’ ਵਿੱਚ ਦਰਜ ਕੀਤਾ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡੀਸੀ ਡਾ. ਸੋਨਾ ਥਿੰਦ ਨੇ ਰੋਟਰੀ ਕਲੱਬ ਸਰਹਿੰਦ ਦੇ ਅਹੁਦੇਦਾਰਾਂ ਅਤੇ ਮੀਡੀਆ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਮੁਕੰਮਲ ਰੂਪ ਵਿਚ ਨਸ਼ਾ ਮੁਕਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੈਰਾਥਨ ਵਿੱਚ 3 ਹਜ਼ਾਰ ਤੋਂ ਵੱਧ ਲੋਕਾਂ, 232 ਸੰਸਥਾਵਾਂ ਅਤੇ 31 ਸਮਾਜ ਸੇਵੀ ਸੰਸਥਾਵਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਫ਼ਤਹਿਗੜ੍ਹ ਸਾਹਿਬ ਦੇ ਇਤਿਹਾਸ ਵਿੱਚ ਇਹ ਮੈਰਾਥਨ ਮੀਲ ਪੱਥਰ ਸਾਬਤ ਹੋਈ। ਉਨ੍ਹਾਂ ਮੈਰਾਥਨ ਵਿੱਚ ਸਹਿਯੋਗ ਦੇਣ ਲਈ ਰੋਟਰੀ ਕਲੱਬ ਸਰਹਿੰਦ ਦੇ ਪ੍ਰਧਾਨ ਹਤਿੰਦਰ ਸੂਰੀ ਦੀ ਸ਼ਲਾਘਾ ਕੀਤੀ ਹੈ।
ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਡਾ. ਹਤਿੰਦਰ ਸੂਰੀ, ਸਕੱਤਰ ਵਿਨੀਤ ਸ਼ਰਮਾ, ਖ਼ਜ਼ਾਨਚੀ ਸੁਨੀਲ ਬੈਕਟਰ, ਪ੍ਰਾਜੈਕਟ ਇੰਚਾਰਜ਼ ਐਡਵੋਕੇਟ ਸਤਪਾਲ ਗਰਗ ਅਤੇ ਮੈਂਬਰ ਯੋਗੇਸ਼ ਬਿੰਬਰਾ, ਸ਼ੇਖਰ ਬਿਥਰ, ਅਨਿਲ ਸੂਦ, ਪਰਦੀਪ ਮਲਹੋਤਰਾ, ਕਮਲ ਗੁਪਤਾ, ਬਲਵੰਤ ਸਿੰਘ ਗੋਗੀ, ਵਰੁਣ ਮਾਂਗੀ ਅਤੇ ਦਲਜੀਤ ਬੱਤਰਾ ਆਦਿ ਹਾਜ਼ਰ ਸਨ।