ਖਰੜ-ਬੱਸੀ ਪਠਾਣਾਂ ਸੜਕ ’ਤੇ ਕੱਚਾ ਪੁਲ ਮੁਕੰਮਲ ਬੰਦ
ਖਰੜ-ਬੱਸੀ ਪਠਾਣਾਂ ਸੜਕ ਉਤੇ ਪਿੰਡ ਮਲਕਪੁਰ ਨਜ਼ਦੀਕ ਐੱਸ ਵਾਈ ਐੱਲ ਨਹਿਰ ਉਤੇ ਬਣਿਆ ਮਿੱਟੀ ਦਾ ਪੁਲ ਪ੍ਰਸ਼ਾਸਨ ਵੱਲੋਂ ਵਾਹਨਾਂ ਲਈ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ ਪਰ ਪੁਲ ਦੇ ਡਿੱਗਣ ਕਾਰਨ ਕੋਈ ਵੀ ਹਾਦਸਾ ਵਾਪਰ ਸਕਦਾ ਹੈ।
ਜਦੋਂ ਪੁਲ ਦਾ ਦੌਰਾ ਕੀਤਾ ਗਿਆ ਤਾਂ ਖਰੜ ਸ਼ਹਿਰ ਦਾ ਗੰਦਾ ਸੀਵਰੇਜ ਦਾ ਪਾਣੀ ਇਸ ਨਹਿਰ ਵਿੱਚ ਭਰਿਆ ਪਿਆ ਸੀ ਅਤੇ ਪਾਈਪਾਂ ਰਾਹੀਂ ਪਾਣੀ ਦੂਸਰੇ ਪਾਸੇ ਜਾ ਰਿਹਾ ਸੀ, ਜਿਸ ਨਾਲ ਮਿੱਟੀ ਖੁਰ ਰਹੀ ਸੀ। ਉਥੇ ਗੰਦੇ ਪਾਣੀ ਕਾਰਨ ਬਦਬੂ ਫੈਲੀ ਹੋਈ ਸੀ ਅਤੇ ਪਾਣੀ ਵਿਚ ਬਹੁਤ ਸਾਰੀ ਝੱਗ ਪੈਦਾ ਹੋਈ ਸੀ। ਲੋਕਾਂ ਨੇ ਦੱਸਿਆ ਕਿ ਇਹ ਸਮੱਸਿਆ ਪਿਛਲੇ ਕਈ ਸਾਲਾਂ ਦੀ ਹੈ ਪਰ ਇਸ ਦਾ ਕੋਈ ਹੱਲ ਨਹੀਂ ਹੋਇਆ ਹੁਣ ਭਾਵੇਆ ਇਹ ਸੜਕ ਪ੍ਰਸ਼ਾਸਨ ਨੇ ਬੰਦ ਕਰ ਦਿੱਤੀ ਹੈ ਤੇ ਬੋਰਡ ਲਗਾ ਦਿੱਤੇ ਹਨ ਪਰ ਜੇ ਕੋਈ ਭਾਰੀ ਵਾਹਨ ਇਨਾਂ ਬੋਰਡਾਂ ਨੂੰ ਪਾਸੇ ਕਰਕੇ ਲੰਘਣ ਦੀ ਕੋਸ਼ਿਸ ਕਰੇਗਾ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਮੌਕੇ ’ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਸ ਥਾਂ ’ਤੇ ਪੱਕਾ ਪੁਲ ਬਣਾਉਣ ਦੀ ਤੁਰੰਤ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ। ਕੁਝ ਪਿੰਡ ਦੇ ਲੋਕਾਂ ਨੇ ਕਿਹਾ ਕਿ ਜੇ ਇਹ ਪੁਲ ਵਹਿ ਗਿਆ ਤਾਂ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਖਰੜ ਆਉਣ ਲਈ ਕਈ ਕਿਲੋਮੀਟਰ ਦਾ ਫਾਲਤੂ ਸਫਰ ਤੈਅ ਕਰਨਾ ਪਵੇਗਾ।