ਸਿਟੀ ਬਿਊਟੀਫੁੱਲ ਦੀਆਂ ਖਸਤਾਹਾਲ ਸੜਕਾਂ ਬਣੀਆਂ ਜਾਨ ਦਾ ਖੌਅ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਮੌਨਸੂਨ ਦੌਰਾਨ ਖਸਤਾ ਹਾਲਤ ’ਚ ਪਹੁੰਚ ਚੁੱਕੀਆਂ ਸ਼ਹਿਰ ਦੀਆਂ ਸੜਕਾਂ ਲੋਕਾਂ ਲਈ ਜਾਨ ਦਾ ਖੌਅ ਬਣੀਆਂ ਹੋਈਆਂ ਹਨ। ਕਈ ਥਾਈਂ ਸੜਕਾਂ ’ਤੇ ਪੈਚ ਵਰਕ ਕੀਤੇ ਜਾ ਰਹੇ ਹਨ, ਜਦੋਂ ਕਿ ਜ਼ਿਆਦਾਤਰ ਥਾਵਾਂ ’ਤੇ ਮੁਰੰਮਤ ਦਾ ਕੰਮ ਵੀ ਸ਼ੁਰੂ ਨਹੀਂ ਹੋ ਸਕਿਆ। ਇਨ੍ਹਾਂ ਸੜਕਾਂ ਨੂੰ ਲੰਘਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-52 ਦੇ ਨਾਲ ਲਗਦੇ ਪਿੰਡ ਕਜਹੇੜੀ ਦੀਆਂ ਸੜਕਾਂ ਦੀ ਹਾਲਤ ਵਧੇਰੇ ਖਸਤਾ ਹੋਈ ਪਈ ਹੈ। ਇਸੇ ਤਰ੍ਹਾਂ ਮਨੀਮਾਜਰਾ ਵਿੱਚ ਸੜਕਾਂ ਦੀ ਹਾਲਤ ਵੀ ਬਹੁਤ ਮਾੜੀ ਹੈ। ਇਸ ਤੋਂ ਇਲਾਵਾ ਸੈਕਟਰ-19-27 ਦੀ ਸੜਕ, ਸੈਕਟਰ-29 ਦੀ ਸੜਕ, ਸੈਕਟਰ-29-30 ਵਾਲੀ ਸੜਕ ਅਤੇ ਟਰਾਂਸਪੋਰਟ ਲਾਈਟ ਪੁਆਇੰਟ ਤੋਂ ਗੋਲਫ ਕਲੱਬ ਵੱਲ ਜਾਣ ਵਾਲੀ ਸੜਕ ਦੀ ਹਾਲਤ ਵੀ ਬਹੁਤ ਮਾੜੀ ਹੈ। ਇਸੇ ਤਰ੍ਹਾਂ ਸੈਕਟਰ-37-38 ਵਾਲੀ ਸੜਕ ’ਤੇ ਵੀ ਵੱਡੇ-ਵੱਡੇ ਟੋਏ ਪਏ ਹੋਏ ਹਨ। ਇਸ ਤੋਂ ਇਲਾਵਾ ਵੀ ਸ਼ਹਿਰ ਦੀਆਂ ਕਈ ਹੋਰ ਸੜਕਾਂ ਦੀ ਹਾਲਤ ਖਸਤਾ ਹੋਈ ਪਈ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੀਆਂ ਕੁਝ ਸੜਕਾਂ ਇੰਜਨੀਅਰਿੰਗ ਵਿਭਾਗ ਅਧੀਨ ਆਉਂਦੀਆਂ ਹਨ ਅਤੇ ਕੁਝ ਸੜਕ ਨਗਰ ਨਿਗਮ ਅਧੀਨ ਆਉਂਦੀਆਂ ਹਨ। ਇਸ ਦੌਰਾਨ ਨਗਰ ਨਿਗਮ ਦਾ ਖਜ਼ਾਨਾ ਖਾਲ੍ਹੀ ਹੋਣ ਕਰਕੇ ਨਿਗਮ ਅਧੀਨ ਆਉਣ ਵਾਲੀਆਂ ਜ਼ਿਆਦਾਰ ਸੜਕਾਂ ਦੀ ਹਾਲਤ ਮਾੜੀ ਹੋਈ ਪਈ ਹੈ। ਦੂਜੇ ਪਾਸੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸੜਕਾਂ ਦੀ ਮੁਰੰਮਤ ਦੇ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਰਹਿੰਦੀ ਸੜਕਾਂ ਦਾ ਕੰਮ ਜਲਦ ਪੁਰਾ ਕਰ ਦਿੱਤਾ ਜਾਵੇਗਾ।
ਪਿੰਡ ਕਜਹੇੜੀ ਵਿੱਚ ਖਸਤਾਹਾਲ ਸੜਕਾਂ ਵਿਰੁੱਧ ਪ੍ਰਦਰਸ਼ਨ
ਚੰਡੀਗੜ੍ਹ ਦੇ ਸੈਕਟਰ-31 ਅਧੀਨ ਪੈਂਦੇ ਪਿੰਡ ਕਜਹੇੜੀ ਦੀਆਂ ਸੜਕਾਂ ਦੀ ਹਾਲਤ ਵਧੇਰੇ ਖਸਤਾ ਹੋਈਆਂ ਪਈਆਂ ਹਨ, ਜਿੱਥੇ ਵੱਡੇ-ਵੱਡੇ ਖੱਡੇ ਪਏ ਹੋਏ ਹਨ, ਜਿਸ ਕਰਕੇ ਲੋਕਾਂ ਨੂੰ ਸੜਕ ’ਤੇ ਚਲਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਸੇ ਨੂੰ ਵੇਖਦਿਆਂ ਚੰਡੀਗੜ੍ਹ ‘ਆਪ’ ਦੇ ਘੱਟ ਗਿਣਤੀਆਂ ਵਿੰਗ ਦੇ ਮੀਤ ਪ੍ਰਧਾਨ ਸ਼ਕੀਲ ਮੁਹੰਮਦ ਵੱਲੋਂ ਇਲਾਕਾ ਵਾਸੀਆਂ ਦੇ ਨਾਲ ਮਿਲ ਕੇ ਅੱਜ ਪਿੰਡ ਕਜਹੇੜੀ ਵਿੱਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸ਼ਕੀਲ ਮੁਹੰਮਦ ਵੱਲੋਂ ਇਕ ਦਿਨਾਂ ਭੁੱਖ ਹੜਤਾਲ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਇਲਾਕੇ ਦੀਆਂ ਟੁੱਟੀਆਂ ਸੜਕਾਂ ਨੂੰ ਲੈ ਕੇ ਨਗਰ ਨਿਗਮ ਦੇ ਜੇਈ ਤੋਂ ਲੈ ਕੇ ਪ੍ਰਧਾਨ ਮੰਤਰੀ ਦਫ਼ਤਰ ਤੱਕ ਨੂੰ ਪੱਤਰ ਲਿੱਖ ਚੁੱਕੇ ਹਨ ਪਰ ਕਿਸੇ ਵੱਲੋਂ ਸੜਕਾਂ ਦੀ ਸਾਰ ਨਹੀਂ ਲਈ ਗਈ ਹੈ। ਇਸੇ ਤਰ੍ਹਾਂ ਇਲਾਕੇ ਵਿੱਚ ਸੀਵਰੇਜ ਦੀ ਹਾਲਤ ਵੀ ਬਹੁਤ ਮਾੜੀ ਹੈ, ਜਿਸ ਕਰਕੇ ਇਲਾਕੇ ਦੀਆਂ ਸੜਕਾਂ ’ਤੇ ਸੀਵਰੇਜ ਦਾ ਪਾਣੀ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੀਪ ਨਗਰ ਵਿੱਚ ਪਿਛਲੇ 30 ਸਾਲਾਂ ਤੋਂ ਪਾਣੀ ਦੀਆਂ ਪਾਈਪ ਲਾਈਨਾਂ ਵੀ ਬਦਲੀਆਂ ਨਹੀਂ ਗਈਆਂ ਹਨ, ਜਿਸ ਕਰਕੇ ਕਈ ਘਰਾਂ ਵਿੱਚ ਗੰਦਾ ਪਾਣੀ ਬਰ ਜਾਂਦਾ ਹੈ।