ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਵੱਲੋਂ ਪਿੰਡ ਖੇੜੀ ਗੁਜਰਾਂ ਵਿੱਚ ਇਕ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਕਾਸ ਪਖੋਂ ਲਗਾਤਾਰ ਪਛੱੜਦਾ ਜਾ ਰਿਹਾ ਹੈ। ਪੰਜਾਬ ਨੂੰ ਮੁੜ ਤੋਂ ਤਰੱਕੀ ਦੀ ਲੀਹਾਂ ’ਤੇ ਲਿਜਾਣ ਲਈ ਪੰਜਾਬੀਆਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਪਏਗਾ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕਾਂ ਦੀ ਲੰਮੇ ਸਮੇਂ ਤੋਂ ਮੁਰੰਮਤ ਨਾ ਹੋਣ ਕਾਰਨ ਵੱਡੇ-ਵੱਡੇ ਟੋਏ ਪੈ ਗਏ ਹਨ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਪਿੰਡ ਦੀ ਕਮਿਊਨਿਟੀ ਸੈਂਟਰ ਵਿੱਚ ਰਸੋਈ ਅਤੇ ਪਖਾਨੇ ਨਾ ਹੋਣ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ। ਇਸ ’ਤੇ ਗੁਰਦਰਸ਼ਨ ਸਿੰਘ ਸੈਣੀ ਨੇ ਆਪਣੇ ਵੱਲੋਂ ਦੋ ਲੱਖ ਰੁਪਏ ਮੌਕੇ ’ਤੇ ਹੀ ਕਮਿਊਨਿਟੀ ਸੈਂਟਰ ਵਿੱਚ ਰਸੋਈ ਅਤੇ ਪਖਾਨੇ ਬਣਾਉਣ ਲਈ ਦਿੱਤੇ। ਇਸ ਮੌਕੇ ਸ੍ਰੀ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਵੀ ਸਰਕਾਰੀ ਅਹੁਦਾ ਨਹੀਂ ਹੈ ਪਰ ਉਹ ਆਪਣੇ ਪੁਰਖਾਂ ਦੀ ਸਮਾਜ ਸੇਵੀ ਰੀਤ ਨੂੰ ਅੱਗੇ ਤੋੜਦਿਆਂ ਆਪਣੇ ਨਿੱਜੀ ਖ਼ਰਚ ਤੋਂ ਇਲਾਕੇ ਦੇ ਵਿਕਾਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਿੰਡਾਂ ਵਿੱਚ ਖੇਡ ਮੈਦਾਨ, ਕਮਿਊਨਿਟੀ ਸੈਂਟਰ ਸਣੇ ਹੋਰ ਰੁਕੇ ਹੋਏ ਕੰਮਾਂ ਨੂੰ ਪੂਰਾ ਕਰਨ ਲਈ ਪਿੱਛੇ ਨਹੀਂ ਹੱਟਣਗੇ। ਇਸ ਮੌਕੇ ਵਕੀਲ ਚੰਦ, ਰਾਜ ਕੁਮਾਰ, ਬੰਟੀ, ਹਰਪਾਲ, ਜਸਬੀਰ ਪੰਚ, ਜਸਵਿੰਦਰ ਵਿੱਕੀ, ਗੁਰਨਾਮ ਸਿੰਘ, ਮਲਕੀਤ ਸਿੰਘ, ਮਹੀਪਾਲ, ਸੇਠ ਪਾਲ ਸਣੇ ਹੋਰ ਹਾਜ਼ਰ ਸਨ।