ਲਾਂਡਰਾਂ ਤੋਂ ਖਰੜ, ਬਨੂੜ ਤੇ ਫ਼ਤਹਿਗੜ੍ਹ ਸਾਹਿਬ ਨੂੰ ਜਾਂਦੀਆਂ ਸੜਕਾਂ ਦੀ ਹਾਲਤ ਖ਼ਸਤਾ
ਸ਼ਹੀਦੀ ਜੋਡ਼ ਮੇਲ ਤੋਂ ਪਹਿਲਾਂ ਮੁਰੰਮਤ ਦੀ ਮੰਗ; ਟੋਇਆਂ ਕਾਰਨ ਵਿਦਿਅਕ ਸੰਸਥਾਵਾਂ ਦਾ ਸਟਾਫ ਤੇ ਵਿਦਿਆਰਥੀ ਵੀ ਔਖੇ
ਪਿੰਡ ਲਾਂਡਰਾਂ ਤੋਂ ਖਰੜ, ਲਾਂਡਰਾਂ ਤੋਂ ਬਨੂੜ ਅਤੇ ਲਾਂਡਰਾਂ ਤੋਂ ਫ਼ਤਹਿਗੜ੍ਹ ਸਾਹਿਬ ਨੂੰ ਜਾਂਦੀਆਂ ਸੜਕਾਂ ਦੀ ਖ਼ਸਤਾ ਹਾਲਤ ਤੋਂ ਰਾਹਗੀਰ ਪ੍ਰੇਸ਼ਾਨ ਹਨ। ਸੜਕਾਂ ’ਤੇ ਡੂੰਘੇ ਟੋਇਆਂ ਕਾਰਨ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਰਾਤ ਦੇ ਹਨੇਰੇ ਵਿੱਚ ਦੋਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਖੇਤਰ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਦੂਰ-ਦੁਰੇਡੇ ਤੋਂ ਪੜ੍ਹਨ ਆਉਂਦੇ ਵਿਦਿਆਰਥੀ ਵੀ ਸੜਕਾਂ ਦੀ ਤਰਸਯੋਗ ਹਾਲਤ ਤੋਂ ਔਖੇ ਹਨ।
ਲਾਂਡਰਾਂ-ਖਰੜ ਸੜਕ ਨੂੰ ਠੀਕ ਕਰਾਉਣ ਲਈ ਲੋਕ ਰੋਸ ਪ੍ਰਦਰਸ਼ਨ ਵੀ ਕਰ ਚੁੱਕੇ ਹਨ। ਇਸ ਸੜਕ ਦਾ ਕਈ ਥਾਵਾਂ ਉੱਤੇ ਬਹੁਤ ਬੁਰਾ ਹਾਲ ਹੋ ਚੁੱਕਾ ਹੈ। ਕੁੱਝ ਥਾਵਾਂ ਉੱਤੇ ਇਸ ਦੀ ਮੁਰੰਮਤ ਦਾ ਕੰਮ ਜ਼ਰੂਰ ਆਰੰਭ ਹੋਇਆ ਹੈ ਪਰ ਪੂਰੀ ਸੜਕ ਦੀ ਮੁਰੰਮਤ ਹੋਣੀ ਬਾਕੀ ਹੈ। ਇਸੇ ਤਰ੍ਹਾਂ ਲਾਡਰਾਂ ਤੋਂ ਸਨੇਟਾ ਨੂੰ ਹੋ ਕੇ ਬਨੂੜ ਜਾਂਦੀ ਸੜਕ ਵਿੱਚ ਵੱਡੇ-ਵੱਡੇ ਟੋਏ ਪੈ ਚੁੱਕੇ ਹਨ। ਟੋਇਆਂ ਦੀ ਮੁਰੰਮਤ ਕਰਨ ਦੀ ਥਾਂ, ਕੁੱਝ ਥਾਵਾਂ ’ਤੇ ਮਿੱਟੀ ਪਾ ਕੇ ਕੰਮ ਚਲਾਇਆ ਗਿਆ ਹੈ, ਜਿਸ ਨਾਲ ਧੂੜ ਉੱਡਣ ਲੱਗੀ ਹੈ।
ਇਸੇ ਤਰ੍ਹਾਂ ਲਾਂਡਰਾਂ ਤੋਂ ਚੁੰਨੀ ਨੂੰ ਜਾ ਰਹੀ ਸੜਕ ਦਾ ਬਹੁਤ ਮਾੜਾ ਹਾਲ ਹੈ। ਸੀ ਜੀ ਸੀ ਝੰਜੇੜੀ ਅਤੇ ਹੋਰਨਾਂ ਥਾਵਾਂ ’ਤੇ ਪਏ ਡੂੰਘੇ ਟੋਏ ਆਵਾਜਾਈ ਵਿੱਚ ਅੜਿੱਕਾ ਬਣ ਰਹੇ ਹਨ। ਰਾਹਗੀਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਮੌਜੂਦਾ ਸਰਕਾਰ ਵੱਲੋਂ ਇਨ੍ਹਾਂ ਸੜਕਾਂ ਦਾ ਇੱਕ ਵੀ ਟੋਆ ਨਹੀਂ ਪੂਰਿਆ ਗਿਆ। ਉਨ੍ਹਾਂ ਕਿਹਾ ਕਿ ਸੜਕੀ ਟੋਇਆਂ ਕਾਰਨ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ ਪਰ ਸੜਕਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਅਤੇ ਪੰਜਾਬ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸ਼ਨ ਐਡਵੋਕੇਟ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਸੜਕਾਂ ਦੀ ਬਦਤਰ ਹਾਲਤ ਕਾਰਨ ਲਾਂਡਰਾਂ ਕਿਸੇ ਪਾਸੇ ਨੂੰ ਵੀ ਜਾਣਾ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਮਰੀਜ਼ ਨੂੰ ਹਸਪਤਾਲ ਵਿੱਚ ਪਹੁੰਚਾਉਣ ਲਈ ਵੀ ਦਿੱਕਤ ਆਉਂਦੀ ਹੈ। ਉਨ੍ਹਾਂ ਕਿਹਾ ਕਿ ਦਸੰਬਰ ਵਿੱਚ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮਾਂ ਮੌਕੇ ਇਨ੍ਹਾਂ ਸੜਕਾਂ ਉੱਤੋਂ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਤੋਂ ਵੱਡੀ ਗਿਣਤੀ ਵਿੱਚ ਸੰਗਤ ਚਮਕੌਰ ਸਾਹਿਬ ਅਤੇ ਫ਼ਤਹਿਹੜ੍ਹ ਸਾਹਿਬ ਨਤਮਸਤਕ ਹੋਣ ਆਉਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਦਸੰਬਰ ਤੋਂ ਪਹਿਲਾਂ ਇਨ੍ਹਾਂ ਸਾਰੀਆਂ ਸੜਕਾਂ ਉੱਤੇ ਪੱਥਰ ਅਤੇ ਪ੍ਰੀਮਿਕਸ ਪਾਇਆ ਜਾਵੇ।