ਬਲਾਕ ਨੂਰਪੁਰ ਬੇਦੀ ਦੀਆਂ ਸੜਕਾਂ ਦੀ ਹਾਲਤ ਮਾੜੀ
ਬਲਵਿੰਦਰ ਰੈਤ
ਨੂਰਪੁਰ ਬੇਦੀ, 18 ਜੂਨ
ਬਲਾਕ ਨੂਰਪੁਰ ਬੇਦੀ ਦੀਆਂ ਲਿੰਕ ਸੜਕਾਂ ਦੀ ਹਾਲਤ ਤਰਸਯੋਗ ਹੈ। ਨੂਰਪੁਰ ਬੇਦੀ ਤੋਂ ਸੰਗਤਪੁਰ ਬਰਾਸਤਾ ਮੁਕਾਰੀ, ਮਵਾਂ, ਬਸਤੀ ਬਾਹਤੀਆਂ, ਗੋਬਿੰਦਪੁਰ ਬੇਲਾ, ਭੈਣੀ, ਠਾਣਾ ਲਿੰਕ ਸੜਕ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਮੇਨ ਹਾਈਵੇਅ ਨੂੰ ਮਿਲਾਉਂਦੀ ਹੈ। ਇਸ ਸੜਕ ਦੀ ਹਾਲਤ ਇੰਨੀ ਮਾੜੀ ਹੈ ਕਿ ਮੀਂਹ ਪੈਣ ਕਾਰਨ ਇਸ ਸੜਕ ’ਤੇ ਪਾਣੀ ਭਰ ਜਾਂਦਾ ਹੈ ਤੇ ਰਾਹਗੀਰਾਂ ਲਈ ਦਿਕਤ ਹੋ ਜਾਂਦੀ ਹੈ। ਕਈ ਪਿੰਡਾਂ ਦਾ ਗੰਦਾ ਪਾਣੀ ਵੀ ਇਸ ਸੜਕ ’ਤੇ ਪਾਇਆ ਜਾ ਰਿਹਾ ਹੈ।
ਪੰਜਾਬ ਮੌਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਸਰਕਾਰ ਕੰਮ ਘੱਟ ਤੇ ਇਸ਼ਤਿਹਾਰਬਾਜ਼ੀ ਜ਼ਿਆਦਾ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਸੜਕ ਦੇ ਟੋਟੇ ਜਾਂ ਸ਼ਹਿਰੀ ਸੜਕਾਂ ਦੇ ਉਦਘਾਟਨ ਕਰਵਾਏ ਜਾ ਰਹੇ ਹਨ ਪਰ ਬਹੁਤੇ ਪਿੰਡਾਂ ਦੀਆਂ ਲਿੰਕ ਸੜਕਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਪਿੰਡ ਕਲਵਾਂ ਨੂੰ ਜਾਣ ਵਾਲੀ ਸੜਕ ’ਤੇ ਪਏ ਟੋਇਆਂ ਕਾਰਨ ਹਾਦਸਿਆਂ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਣਕੂ ਮਾਜਰਾ ਤੋਂ ਮੰਦਰ ਕਰੌਲਗੜ੍ਹ ਅਤੇ ਕੱਟਾ ਸਬੌਰ ਨੂੰ ਜਾਣ ਵਾਲੀ ਸੜਕ ਥਾਂ-ਥਾਂ ਤੋਂ ਟੁੱਟੀ ਪਈ ਹੈ। ਲੋਕਾਂ ਨੇ ਪ੍ਰਸ਼ਾਸਨ ਤੇ ਵਿਧਾਇਕ ਦਿਨੇਸ਼ ਚੱਢਾ ਨੂੰ ਇਸ ਵੱਲ ਧਿਆਨ ਦੀ ਮੰਗ ਕੀਤੀ ਹੈ।
ਸੜਕਾਂ ਦਾ ਕੰਮ ਜਲਦੀ ਸ਼ੁਰੂ ਹੋਵੇੇਗਾ: ਐੱਸਡੀਓ
ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਪਰਮਜੀਤ ਸਿੰਘ ਨੇ ਕਿਹਾ ਕਿ ਨੂਰਪੁਰ ਬੇਦੀ ਤੋਂ ਸੰਗਤਪੁਰ ਬਰਾਸਤਾ ਮਵਾ ਅਤੇ ਮਾਣਕੂ ਮਾਜਰਾ ਤੋਂ ਕਰੌਲਗੜ੍ਹ ਮੰਦਰ ਤੱਕ ਦੋਵਾਂ ਸੜਕ ਦਾ ਟੈਂਡਰ ਲੱਗ ਚੁੱਕਾ ਹੈ। ਇਨ੍ਹਾਂ ਸੜਕਾਂ ’ਤੇ ਜਲਦੀ ਪੱਥਰ ਪੈਣਾ ਸ਼ੁਰੂ ਹੋ ਜਾਵੇਗਾ ਤੇ ਪ੍ਰੀਮਿਕਸ ਬਾਅਦ ਵਿੱਚ ਪਾਈ ਜਾਵੇਗੀ। ਐੱਸਡੀਓ ਗੁਰਬਿੰਦਰ ਸਿੰਘ ਨੇ ਕਿਹਾ ਕਿ ਕਲਵਾਂ ਨੂੰ ਜਾਣ ਵਾਲੀ ਸੜਕ ’ਤੇ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ।