ਮੁੱਲਾਂਪੁਰ ਗਰੀਬਦਾਸ ਦੀ ਪੁਰਾਣੀ ਮੁੱਖ ਸੜਕ ਦੀ ਹਾਲਤ ਬਦਤਰ
ਅੱਜ ਬਾਅਦ ਦੁਪਹਿਰ ਵੇਲੇ ਤੋਂ ਸ਼ਾਮ ਤੱਕ ਇਲਾਕੇ ਵਿੱਚ ਪਏ ਮੀਂਹ ਕਾਰਨ ਮੁੱਲਾਂਪੁਰ ਗਰੀਬਦਾਸ ਦੀ ਪੁਰਾਣੀ ਮੁੱਖ ਟੁੱਟੀ ਹੋਈ ਸੜਕ ਵਿੱਚ ਪਏ ਟੋਇਆਂ ਵਿੱਚ ਬੱਸ ਸਟੈਂਡ ਕੋਲ ਮੀਂਹ ਦਾ ਪਾਣੀ ਭਰਨ ਕਾਰਨ ਭੱਦੀ ਹਾਲਤ ਵਾਲੀ ਸੜਕ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ। ਲੋਕਾਂ ਨੂੰ ਲੰਘਣ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਦੌਰਾਨ ਬਿਜਲੀ ਸਪਲਾਈ ਠੱਪ ਰਹੀ। ਬਾਰਸ਼ ਨੇ ਸਿੰਘਾ ਦੇਵੀ ਕਲੋਨੀ ਨੂੰ ਜੋੜਦੇ ਅਧੂਰੇ ਪਏ ਪੁਲ ਅਤੇ ਪਿੰਡ ਜੈਂਤੀ ਮਾਜਰੀ ਤੋਂ ਕਸੌਲੀ ਜਾਣ ਵਾਲੇ ਇੱਕਲੌਤੇ ਰਸਤੇ ਵਿੱਚ ਪੈਂਦੀਆਂ ਸ਼ਿਵ ਮੰਦਿਰ ਕੋਲ ਨਦੀ ਅਤੇ ਪਿੰਡ ਗੁੜਾ ਦੇ ਦਾਖ਼ਲਾ ਪੁਆਇੰਟ ਕੋਲ ਬਣੇ ਹੋਏ ਸਾਈਫਨਾਂ ਦੀ ਹਾਲਤ ਭੱਦੀ ਕਰ ਦਿੱਤੀ ਹੈ। ਇਨ੍ਹਾਂ ਸਾਈਫਨਾਂ ਨੂੰ ਜਿਲ੍ਹਾ ਪ੍ਰਸ਼ਾਸਨ ਨੇ ਆਰਜ਼ੀ ਤੌਰ ਉਤੇ ਮਿੱਟੀ ਆਦਿ ਪਾ ਕੇ ਬੁੱਤਾ ਸਾਰਿਆ ਸੀ ਪਰ ਫਿਰ ਹੋ ਰਹੇ ਮੀਂਹ ਨੇ ਉਹ ਵੀ ਤਹਿਸ-ਨਹਿਸ ਕਰ ਦਿੱਤਾ ਹੈ। ਨਿਊ ਚੰਡੀਗੜ੍ਹ ਦੀ ਉਮੈਕਸ ਟਰੇਡ ਟਾਵਰ ਤੋਂ ਰਾਣੀ ਮਾਜਰਾ ਵੱਲ ਜਾਂਦੀ ਮੁੱਖ ਸੜਕ ਦੀ ਭੱਦੀ ਹਾਲਤ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਵਾਂ ਗਰਾਉਂ ਤੋਂ ਪਿੰਡ ਨਾਡਾ ਨੂੰ ਜਾਂਦੇ ਰਾਸਤੇ ਵਿੱਚ ਚਿੱਕੜ ਬਣ ਗਿਆ ਹੈ। ਲੋਕਾਂ ਨੇ ਆਪ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਇਲਾਕੇ ਦੀਆਂ ਭੱਦੀ ਹਾਲਤ ਵਾਲੀਆਂ ਸੜਕਾਂ, ਪੁਲੀਆਂ, ਸਾਈਫਨਾਂ ਦੀ ਹਾਲਤ ਪਹਿਲ ਦੇ ਆਧਾਰ ’ਤੇ ਸੁਧਾਰੀ ਜਾਵੇ।
।