ਮੁਬਾਰਕਪੁਰ-ਰਾਮਗੜ੍ਹ ਸੜਕ ਦੀ ਹਾਲਤ ਤਰਸਯੋਗ
ਮੁਬਾਰਕਪੁਰ-ਰਾਮਗੜ੍ਹ ਰੋਡ ਦੀ ਖਸਤਾ ਹਾਲਤ ਨੂੰ ਸੁਧਾਰਨ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਨਾਕਾਮ ਸਾਬਤ ਹੋ ਰਹੇ ਹਨ। ਦੂਜੇ ਪਾਸੇ, ਨਗਰ ਕੌਂਸਲ ਵੱਲੋਂ ਲੰਘੀ ਰਾਤ ਇੱਥੇ ਸੜਕ ’ਤੇ ਆਵਾਜਾਈ ਬੰਦ ਕਰ ਕੇ ਆਰਜ਼ੀ ਤੌਰ ’ਤੇ ਇੱਥੋਂ ਪਾਣੀ ਕੱਢਣ ਤੋਂ ਇਲਾਵਾ ਗਟਕਾ ਪਾਇਆ ਗਿਆ ਸੀ ਪਰ ਹੁਣ ਦਲਦਲ ਬਣਨ ਕਾਰਨ ਵਾਹਨ ਧੱਸ ਰਹੇ ਹਨ। ਇੱਥੋਂ ਲੰਘਣ ਵਾਲੇ ਰਾਹਗੀਰਾਂ ਖ਼ਾਸਕਰ ਵਿਆਹ ਸ਼ਾਦੀਆਂ ਵਿੱਚ ਤਿਆਰ ਹੋ ਕੇ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਾਣਕਾਰੀ ਅਨੁਸਾਰ ਮੁਬਾਰਕਪੁਰ-ਰਾਮਗੜ੍ਹ ਰੋਡ ਦੀ ਹਾਲਤ ਲੰਬੇ ਸਮੇਂ ਤੋਂ ਤਰਸਯੋਗ ਬਣੀ ਹੋਈ ਹੈ। ਇਸ ਸੜਕ ’ਤੇ ਥਾਂ-ਥਾਂ ਟੋਏ ਪਏ ਹੋਏ ਹਨ। ਇਸ ਸੜਕ ’ਤੇ ਪਿੰਡ ਸੁੰਡਰਾ ਅਤੇ ਪੰਡਵਾਲਾ ਚੌਕ ਦੇ ਨੇੜੇ ਡੂੰਘੇ ਖੱਡੇ ਪਏ ਹੋਏ ਹਨ ਜਿਨ੍ਹਾਂ ਵਿੱਚ ਪਾਣੀ ਭਰਿਆ ਹੋਇਆ ਹੈ। ਇੱਥੇ ਕਈ ਵਾਰ ਵਾਹਨ ਪਾਣੀ ’ਚ ਬੰਦ ਹੋ ਜਾਂਦੇ ਹਨ।
ਦੂਜੇ ਪਾਸੇ, ਪਿੰਡ ਮੁਬਾਰਕਪੁਰ ਅਤੇ ਮੀਰਪੁਰ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਰੀਬ ਨੌਂ ਸਾਲ ਪਹਿਲਾਂ ਉਨ੍ਹਾਂ ਦੇ ਪਿੰਡ ਨਗਰ ਕੌਂਸਲ ਵਿੱਚ ਸ਼ਾਮਲ ਕੀਤੇ ਗਏ ਸਨ। ਕੌਂਸਲ ਵੱਲੋਂ ਇੱਥੇ ਨਕਸ਼ਾ ਪਾਸ ਕਰਵਾਉਣ ਸਣੇ ਹੋਰ ਫੀਸਾਂ ਲਈਆਂ ਜਾ ਰਹੀਆਂ ਹਨ ਪਰ ਸਹੂਲਤਾਂ ਦੇ ਨਾਂਅ ਹੇਠ ਸਿਰਫ਼ ਲਾਅਰੇ ਲਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਦੇ ਹੱਲ ਲਈ ਕੋਈ ਪ੍ਰਬੰਧ ਨਹੀਂ ਕੀਤੇ। ਉਨ੍ਹਾਂ ਨੇ ਪਿੰਡ ਨੂੰ ਨਗਰ ਕੌਂਸਲ ਤੋਂ ਬਾਹਰ ਕੱਢ ਕੇ ਮੁੜ ਪੰਚਾਇਤ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਪੰਚਾਂ ਅਤੇ ਸਰਪੰਚਾਂ ਤੱਕ ਲੋਕਾਂ ਦੀ ਪਹੁੰਚ ਸੀ ਪਰ ਹੁਣ ਕੋਈ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ। ਇਹ ਸੜਕ ਹਰਿਆਣਾ, ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲੀ ਅਹਿਮ ਸੜਕ ਹੈ। ਇੱਥੇ ਵੱਡੀ ਤਾਦਾਤ ਵਿੱਚ ਮੈਰਿਜ ਪੈਲੇਸ ਅਤੇ ਕਰੱਸ਼ਰ ਜ਼ੋਨ ਹਨ।
ਸੜਕ ਦਾ ਟੈਂਡਰ ਹੋ ਚੁੱਕੈ: ਆਸ਼ੂ
ਨਗਰ ਕੌਂਸਲ ਦੀ ਪ੍ਰਧਾਨ ਆਸ਼ੂ ਉਪਨੇਜਾ ਨੇ ਕਿਹਾ ਕਿ ਸੜਕ ਦਾ ਟੈਂਡਰ ਹੋ ਚੁੱਕਾ ਹੈ। ਇਸ ਦਾ ਕੰਮ ਛੇਤੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਫ਼ਿਲਹਾਲ ਇੱਥੇ ਆਰਜ਼ੀ ਤੌਰ ’ਤੇ ਪਾਣੀ ਕੱਢਵਾ ਕੇ ਗਟਕਾ ਪੁਆ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਆਵੇ।
‘ਮੀਂਹ ਰੁਕਦੇ ਹੀ ਕੰਮ ਸ਼ੁਰੂ ਹੋਵੇਗਾ’
ਪੀਡਬਲਿਊਡੀ ਦੇ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸੜਕ ਦਾ ਟੈਂਡਰ ਹੋ ਚੁੱਕਾ ਹੈ। ਮੀਂਹ ਰੁਕਦੇ ਹੀ ਕੰਮ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ।