ਬਨੂੜ ਦੀਆਂ ਸੰਪਰਕ ਸੜਕਾਂ ਦੀ ਹਾਲਤ ਖਸਤਾ
ਪਿੰਡ ਪਵਾਲਾ, ਗੜੋਲੀਆਂ ਤੇ ਇਸ ਖੇਤਰ ਦੇ ਕਈ ਹੋਰ ਪਿੰਡਾਂ ਦੇ ਵਸਨੀਕ ਸੜਕਾਂ ਦੀ ਖ਼ਸਤਾ ਹਾਲਤ ਤੋਂ ਬਹੁਤ ਪ੍ਰੇਸ਼ਾਨ ਹਨ। ਪਿੰਡ ਪਵਾਲਾ ਨੂੰ ਮੁਹਾਲੀ ਨਾਲ ਜੋੜਦੀ ਲਿੰਕ ਰੋਡ ਦੀ ਹਾਲਤ ਬੇਹੱਦ ਤਰਸਯੋਗ ਹੈ। ਪਿੰਡ ਪਵਾਲਾ ਤੋਂ ਬੀਰੋਮਾਜਰੀ ਨੂੰ ਜਾਂਦੀ ਸੜਕ ਤਾਂ ਅਲੋਪ ਹੀ ਹੋ ਚੁੱਕੀ ਹੈ। ਹਾਲਾਤ ਇਹ ਹਨ ਕਿ ਸੜਕ ਟੁੱਟਣ ਨਾਲ ਥਾਂ-ਥਾਂ ਤਿੰਨ-ਤਿੰਨ ਫੁੱਟ ਟੋਏ ਪੈ ਚੁੱਕੇ ਹਨ ਜਿਸ ਕਾਰਨ ਸੜਕ ਤੋਂ ਲੰਘਣ ਵਾਲੇ ਵਾਹਨ ਜਿਥੇ ਖ਼ਰਾਬ ਹੋ ਰਹੇ ਹਨ ਉੱਥੇ ਹੀ ਬਰਸਾਤ ਦੇ ਮੌਸਮ ’ਚ ਚਿੱਕੜ ਹੋ ਜਾਣ ਨਾਲ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਿਆ ਰਹਿੰਦਾ ਹੈ। ਪਿੰਡ ਵਾਸੀਆਂ ਮੁਤਾਬਿਕ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਦੀ ਅਣਗਹਿਲੀ ਕਾਰਨ ਹਲਕੇ ਦੀਆਂ ਕਈ ਲਿੰਕ ਰੋਡਾਂ ਦੀ ਪਿਛਲੇ 7 ਸਾਲਾਂ ਤੋਂ ਮੁਰੰਮਤ ਨਹੀਂ ਹੋਈ। ਟੁੱਟੀਆਂ ਸੜਕਾਂ ਦੇ ਮੱਦੇਨਜ਼ਰ ਪੀਆਰਟੀਸੀ ਵਲੋਂ ਸਰਕਾਰੀ ਬੱਸ ਦਾ ਰੂਟ ਬੰਦ ਕਰ ਦਿੱਤਾ ਗਿਆ ਹੈ ਅਤੇ ਟੈਂਪੂ ਚਾਲਕ ਵੀ ਇੱਧਰ ਦੀ ਸਵਾਰੀ ਬਿਠਾਉਣ ਤੋਂ ਕੰਨੀਂ ਕਤਰਾਉਂਦੇ ਹਨ ਜਿਸ ਕਾਰਨ ਬਜ਼ੁਰਗਾਂ ਅਤੇ ਬਿਮਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੰਡੀ ਬੋਰਡ ਅਤੇ ਪੀਡਬਲਿਊਡੀ ਵਿਭਾਗ ਸੜਕ ਦੀ ਖਸਤਾ ਹਾਲਤ ਤੋਂ ਭਲੀਭਾਂਤ ਜਾਣੂ ਹਨ, ਇਸ ਦੇ ਬਾਵਜੂਦ ਸ਼ਿਕਾਇਤਾਂ ਦਿੱਤੇ ਜਾਣ ਤੋਂ ਬਾਅਦ ਵੀ ਸੜਕ ਦੀ ਰਿਪੇਅਰ ਨਹੀਂ ਕਰਵਾਈ ਗਈ, ਜਿਸ ਦਾ ਖ਼ਮਿਆਜ਼ਾ ਅੱਜ ਕਈ ਪਿੰਡਾਂ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਲੋਕਾਂ ਨੇ ਮੰਗ ਕੀਤੀ ਹੈ ਕਿ ਬਿਨਾਂ ਕਿਸੇ ਦੇਰੀ ਤੋਂ ਇਸ ਖੇਤਰ ਦੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ।