ਮੁੱਖ ਮੰਤਰੀ ਹਸਪਤਾਲ ’ਚੋਂ ਛੁੱਟੀ ਮਿਲਦੇ ਸਾਰ ਹੀ ਕੰਮ ’ਚ ਜੁਟੇ
ਹੜ੍ਹ ਮਾਰੇ ਇਲਾਕਿਆਂ ’ਚ ਰਾਹਤ ਕਾਰਜਾਂ ਦੇ ਮਾਮਲੇ ’ਤੇ ਅੱਜ ਮੀਟਿੰਗ ਸੱਦੀ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁਹਾਲੀ ਦੇ ਹਸਪਤਾਲ ’ਚੋਂ ਛੁੱਟੀ ਮਿਲਦੇ ਸਾਰ ਹੀ ਸੂਬੇ ’ਚ ਆਏ ਹੜ੍ਹਾਂ ਨੂੰ ਲੈ ਕੇ ਰਾਹਤ ਕਾਰਜਾਂ ’ਚ ਫੁਰਤੀ ਲਿਆਉਣ ਲਈ ਸ਼ੁੱਕਰਵਾਰ ਨੂੰ ਆਪਣੀ ਰਿਹਾਇਸ਼ ’ਤੇ ਸੀਨੀਅਰ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਸੱਦ ਲਈ ਹੈ। ਚੇਤੇ ਰਹੇ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਮਗਰੋਂ ਮੁੱਖ ਮੰਤਰੀ ਦੀ ਸਿਹਤ ਨਾਸਾਜ਼ ਹੋ ਗਈ ਸੀ। ਉਹ ਡਾਕਟਰਾਂ ਦੇ ਮਸ਼ਵਰੇ ਮਗਰੋਂ 5 ਸਤੰਬਰ ਨੂੰ ਮੁਹਾਲੀ ਦੇ ਨਿੱਜੀ ਹਸਪਤਾਲ ’ਚ ਭਰਤੀ ਹੋਏ ਸਨ। ਅੱਜ ਹਸਪਤਾਲ ’ਚੋਂ ਛੁੱਟੀ ਮਿਲਣ ਮਗਰੋਂ ਹੀ ਉਹ ਸਰਕਾਰੀ ਕੰਮ-ਕਾਰ ’ਚ ਜੁਟ ਗਏ।
ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੇ ਅੱਜ ਆਪਣੀ ਰਿਹਾਇਸ਼ ਤੋਂ ਫ਼ੋਨ ’ਤੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ। ਇਸ ਨਾਲ ਸਰਕਾਰੀ ਮਸ਼ੀਨਰੀ ਵੀ ਅੱਜ ਸ਼ਾਮ ਵੇਲੇ ਹਰਕਤ ਵਿੱਚ ਆ ਗਈ ਹੈ। ਮੁੱਖ ਮੰਤਰੀ ਭਲਕੇ (12 ਸਤੰਬਰ) ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਰਾਹਤ, ਬਚਾਅ ਅਤੇ ਮੁੜ ਵਸੇਬੇ ਦੇ ਯਤਨਾਂ ’ ਚ ਤੇਜ਼ੀ ਲਿਆਉਣ ਸਬੰਧੀ ਮੀਟਿੰਗ ਕਰਨਗੇ। ਮੀਟਿੰਗ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਡਿਪਟੀ ਕਮਿਸ਼ਨਰ ਵੀਡੀਓ ਕਾਨਫ਼ਰੰਸ ਰਾਹੀਂ ਸ਼ਾਮਲ ਹੋਣਗੇ। ਵਿਭਾਗੀ ਸਕੱਤਰ ਅਤੇ ਮੁੱਖ ਸਕੱਤਰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਮੀਟਿੰਗ ’ਚ ਸ਼ਾਮਲ ਹੋਣਗੇ। ਇਸ ਮੀਟਿੰਗ ’ਚ ਡਾਕਟਰੀ ਸਹੂਲਤਾਂ, ਮੁਆਵਜ਼ਾ ਅਤੇ ਹੜ੍ਹ ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਆਦਿ ਮਾਮਲਿਆਂ ’ਤੇ ਚਰਚਾ ਹੋਵੇਗੀ। ਉਨ੍ਹਾਂ ਹਸਪਤਾਲ ’ਚੋਂ ਹੀ ਕੈਬਨਿਟ ਮੀਟਿੰਗ ਦੀ ਅਗਵਾਈ ਕੀਤੀ ਸੀ ਅਤੇ ਅਧਿਕਾਰੀਆਂ ਨਾਲ ਹਸਪਤਾਲ ’ਚ ਹੀ ਸਰਕਾਰੀ ਕੰਮ ਕਾਜ ਨਿਪਟਾਉਣ ਲਈ ਮੀਟਿੰਗਾਂ ਕਰਦੇ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਕਾਰਨ ਬਣੇ ਨਾਜ਼ੁਕ ਹਾਲਾਤ ਦੌਰਾਨ ਰਾਹਤ ਪ੍ਰਦਾਨ ਕਰਨ ਲਈ ਪਹਿਲਾਂ ਹੀ ਕਈ ਕਦਮ ਚੁੱਕੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਇਲਾਜ ਦੌਰਾਨ ਵੀ ਉਹ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਸਨ ਅਤੇ ਉਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਲੋਕਾਂ ਨੂੰ ਸੁਰੱਖਿਅਤ ਕੱਢਣ ਅਤੇ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਭਰ ਦੇ ਸਾਰੇ ਵਿਭਾਗਾਂ ਨੂੰ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਸਿਹਤਯਾਬ ਹੋਣ ਮਗਰੋਂ ਘਰ ਪਰਤੇ
ਐੱਸ ਏ ਐੱਸ ਨਗਰ (ਮੁਹਾਲੀ)(ਕਰਮਜੀਤ ਸਿੰਘ ਚਿੱਲਾ):ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅੱਜ ਇਥੋਂ ਦੇ ਫੇਜ਼-ਅੱਠ ਦੇ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ। ਉਨ੍ਹਾਂ ਨੂੰ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ, ਜਿਸ ਮਗਰੋਂ ਉਹ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਰਕਾਰੀ ਗੱਡੀ ਲੈਂਡ ਕਰੂਜ਼ਰ ਵਿਚ ਆਪਣੇ ਘਰ ਲਈ ਰਵਾਨਾ ਹੋਏ। ਮੁੱਖ ਮੰਤਰੀ ਕਾਰ ਵਿਚ ਡਰਾਈਵਰ ਦੇ ਨਾਲ ਅਗਲੀ ਸੀਟ ’ਤੇ ਬੈਠੇ ਸਨ ਜਦੋਂ ਕਿ ਪਿਛਲੀ ਸੀਟ ਤੇ ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮੌਜੂਦ ਸਨ। ਹਸਪਤਾਲ ਦੇ ਗੇਟ ਉੱਤੇ ਮੌਜੂਦ ਮੀਡੀਆ ਕਰਮੀਆਂ ਨਾਲ ਉਨ੍ਹਾਂ ਕੋਈ ਗੱਲ ਨਹੀਂ ਕੀਤੀ ਅਤੇ ਗੱਡੀ ਵਿਚ ਬੈਠਿਆਂ ਹੀ ਉਹ ਫ਼ਤਿਹ ਬੁਲਾ ਕੇ ਉਥੋਂ ਚਲੇ ਗਏ। ਫੋਰਟਿਸ ਹਸਪਤਾਲ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਾਰੇ ਸੀਨੀਅਰ ਡਾਕਟਰਾਂ ਦੀ ਟੀਮ ਨੇ ਸਮੀਖਿਆ ਕੀਤੀ ਜਿਸ ਮਗਰੋਂ ਉਨ੍ਹਾਂ ਨੂੰ ਅੱਜ ਛੁੱਟੀ ਦੇ ਦਿੱਤੀ ਗਈ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਸਾਰੀਆਂ ਰਿਪੋਰਟਾਂ ਠੀਕ ਆਈਆਂ ਹਨ।

