ਕੌਂਸਲ ਪ੍ਰਧਾਨ ਦੇ ਪੁੱਤਰ ਨੂੰ ਸੰਮਨ ਭੇਜਣ ਦਾ ਮਾਮਲਾ ਭਖਿਆ
ਸਾਬਕਾ ਕਾਂਗਰਸੀ ਵਿਧਾਇਕ ਕੰਬੋਜ ਦੀ ਅਗਵਾਈ ਹੇਠ ਥਾਣੇ ਤੱਕ ਰੋਸ ਮਾਰਚ
ਥਾਣਾ ਬਨੂੜ ਦੀ ਪੁਲੀਸ ਵੱਲੋਂ ਨਗਰ ਕੌਂਸਲ ਪ੍ਰਧਾਨ ਜਗਤਾਰ ਸਿੰਘ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਸ਼ਹਿਰ ਵਿੱਚ ਕਾਂਗਰਸੀ ਕੌਂਸਲਰ ਉੱਤੇ ਲੜਾਈ ਝਗੜੇ ਦੇ ਦਰਜ ਹੋਏ ਇੱਕ ਕੇਸ ਸਬੰਧੀ ਪੁੱਛ-ਗਿੱਛ ਲਈ ਥਾਣੇ ਆਉਣ ਸਬੰਧੀ ਸੰਮਨ ਭੇਜਣ ਦਾ ਮਾਮਲਾ ਗਰਮਾ ਗਿਆ ਹੈ। ਕਾਂਗਰਸ ਦੇ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਅੱਜ ਇਸ ਮਾਮਲੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਕਾਂਗਰਸ ਪਾਰਟੀ ਨੇ ਰੋਸ ਮੁਜ਼ਾਹਰਾ ਕੀਤਾ, ਜਿਸ ਵਿਚੱ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਤੋਂ ਇਲਾਵਾ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਥਾਣੇ ਤੱਕ ਰੋਸ ਮਾਰਚ ਵੀ ਕੱਢਿਆ। ਇਸ ਮੌਕੇ ਸਾਬਕਾ ਕਾਂਗਰਸੀ ਵਿਧਾਇਕ ਰਾਜਿੰਦਰ ਸਿੰਘ ਸਮਾਣਾ ਅਤੇ ਪਟਿਆਲਾ ਦੇ ਸਾਬਕਾ ਮੇਅਰ ਵਿਸ਼ਨੂ ਸ਼ਰਮਾ ਵੀ ਪਹੁੰਚੇ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਪੰਜਾਬ ਸਰਕਾਰ, ਹਲਕਾ ਵਿਧਾਇਕਾ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਾਂਗਰਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕੰਬੋਜ ਅਤੇ ਹੋਰਨਾਂ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ ਪੁਲੀਸ ਦਾ ਸਿਆਸੀਕਰਨ ਕਰ ਦਿੱਤਾ ਹੈ।
ਇਸ ਮੌਕੇ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਆਖਿਆ ਕਿ ਜਿਹੜੇ ਵਾਰਡ ਵਿੱਚ ਲੜਾਈ ਹੋਈ ਹੈ, ਉਹ ਉਨ੍ਹਾਂ ਦੇ ਘਰ ਤੋਂ ਦੋ ਕਿਲੋਮੀਟਰ ਦੂਰ ਹੈ ਤੇ ਸਬੰਧਤ ਵਿਅਕਤੀਆਂ ਨਾਲ ਉਨ੍ਹਾਂ ਦੇ ਪੁੱਤਰ ਦਾ ਕੋਈ ਸਬੰਧ ਨਹੀਂ ਹੈ। ਨਾ ਹੀ ਕਿਸੇ ਵੀਡੀਓ ਕਲਿੱਪ, ਨਾ ਹੀ ਕਿਸੇ ਫੋਨ ਕਾਲ ਵਿੱਚ ਉਨ੍ਹਾਂ ਦੇ ਪੁੱਤਰ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਇਸ ਸਭ ਦੇ ਬਾਵਜੂਦ ਰਾਜਸੀ ਰੰਜਿਸ਼ ਕਾਰਨ ਅਤੇ ਉਨ੍ਹਾਂ ਉੱਤੇ ਨਗਰ ਕੌਂਸਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦਾ ਦਬਾਅ ਪਾਉਣ ਲਈ ਕੀਤਾ ਜਾ ਰਿਹਾ ਹੈ। ਕਾਂਗਰਸੀ ਵਰਕਰਾਂ ਦੇ ਰੋਸ ਮਾਰਚ ਸਮੇਂ ਥਾਣੇ ਦਾ ਮੁੱਖ ਦਰਵਾਜ਼ਾ ਬੰਦ ਕਰ ਲਿਆ ਗਿਆ। ਇਸ ਦੌਰਾਨ ਧਰਨਾਕਾਰੀਆਂ ਦੇ ਪਹੁੰਚਣ ’ਤੇ ਥਾਣਾ ਮੁੱਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਛੋਟੇ ਦਰਵਾਜ਼ੇ ਰਾਹੀਂ ਬਾਹਰ ਆਏ ਤੇ ਉਨ੍ਹਾਂ ਸਾਬਕਾ ਵਿਧਾਇਕਾਂ ਅਤੇ ਕੁੱਝ ਹੋਰ ਆਗੂਆਂ ਨੂੰ ਥਾਣੇ ਦੀ ਹਦੂਦ ਅੰਦਰ ਬੁਲਾ ਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਕੋਲੋਂ ਕੌਂਸਲ ਪ੍ਰਧਾਨ ਦੇ ਪੁੱਤਰ ਦਾ ਲਿਖਤੀ ਜਵਾਬ ਹਾਸਲ ਕੀਤਾ। ਇਸ ਮੌਕੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ, ਅਵਤਾਰ ਬਬਲਾ, ਸੁਰਿੰਦਰ ਸੋਨੀ ਸੰਧੂ, ਨੈਬ ਸਿੰਘ ਮਨੌਲੀ ਸੂਰਤ, ਲਛਮਣ ਸਿੰਘ ਚੰਗੇਰਾ ਅਤੇ ਲਖਵੀਰ ਸਿੰਘ ਅਬਰਾਵਾਂ ਹਾਜ਼ਰ ਸਨ।
ਕਿਸੇ ਕਿਸਮ ਦਾ ਦਬਾਅ ਨਹੀਂ: ਥਾਣਾ ਮੁਖੀ
ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਉੱਤੇ ਕੋਈ ਦਬਾਅ ਨਹੀਂ ਹੈ। ਉਹ ਬਿਨਾਂ ਕਿਸੇ ਪੱਖਪਾਤ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਬੰਧਤ ਮਾਮਲੇ ਵਿੱਚ ਪੁੱਛਗਿੱਛ ਕਰਨ ਲਈ ਉਨ੍ਹਾਂ ਕਾਨੂੰਨੀ ਤੌਰ ’ਤੇ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਬੰਧਤ ਲਿਖਤੀ ਜਵਾਬ ਤੋਂ ਉਨ੍ਹਾਂ ਦੀ ਸੰਤੁਸ਼ਟੀ ਨਾ ਹੋਈ ਤਾਂ ਦੁਬਾਰਾ ਨੋਟਿਸ ਭੇਜ ਕੇ ਹਰਪ੍ਰੀਤ ਸਿੰਘ ਨੂੰ ਥਾਣੇ ਬੁਲਾ ਕੇ ਲੋੜੀਂਦੀ ਪੁੱਛ-ਗਿੱਛ ਕਰਨਗੇ।