ਪਾਣੀ ਦੇ ਤੇਜ਼ ਵਹਾਅ ਕਾਰਨ ਐਲਗਰਾਂ ਸਵਾਂ ਨਦੀ ਦਾ ਪੁਲ ਰੁੜਿ੍ਹਆ
ਬਲਵਿੰਦਰ ਰੈਤ
ਨੰਗਲ, 17 ਜੂਨ
ਇੱਥੇ ਐਲਗਰਾਂ ਸਵਾਂ ਨਦੀ ’ਚ ਆਏ ਪਾਣੀ ਕਾਰਨ ਨਦੀ ’ਤੇ ਬਣਾਇਆ ਗਿਆ ਆਰਜ਼ੀ ਪੁਲ ਰੁੜ੍ਹ ਗਿਆ। ਇਸ ਨਾਲ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦਾ ਸੰਪਰਕ ਟੁੱਟ ਗਿਆ ਹੈ। ਇੱਥੇ ਬਣਿਆ ਪੱਕਾ ਪੁਲ ਅਸੁਰੱਖਿਅਤ ਕਰਾਰ ਦੇ ਕੇ ਡੇਢ ਸਾਲ ਤੋਂ ਬੰਦ ਕੀਤਾ ਹੋਇਆ ਹੈ। ਇਹ ਆਰਜ਼ੀ ਰਾਹ ਬੰਦ ਹੋਣ ਕਾਰਨ ਚੰਡੀਗੜ੍ਹ ਪੀਜੀਆਈ ਜਾਣ ਵਾਲੀਆਂ ਬੱਸਾਂ ਤੇ ਹੋਰ ਹਜ਼ਾਰਾਂ ਯਾਤਰੂਆਂ ਨੂੰ ਬਰਾਸਤਾ ਬਾਥੜੀ ਅਤੇ ਸ੍ਰੀ ਆਨੰਦਪੁਰ ਸਾਹਿਬ ਵੱਲ ਦੀ ਕਰੀਬ 25 ਕਿਲੋਮੀਟਰ ਦਾ ਵਾਧੂ ਪੈਂਡਾ ਤਹਿ ਕਰਨਾ ਪਵੇਗਾ।
ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ‘ਆਪ’ ਸਰਕਾਰ ਲੋਕਾਂ ਵਿੱਚ ਮਜ਼ਾਕ ਦੀ ਪਾਤਰ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਨੁਮਾਇੰਦੇ ਆਏ ਦਿਨ ਪੁਲਾਂ ਦੇ ਬਜਟ ਪਾਸ ਹੋਣ ਦੇ ਦਾਅਵੇ ਕਰਦੇ ਹਨ ਪਰ ਇੱਥੇ ਡੇਢ ਸਾਲ ਤੋਂ ਪੁਲ ਦੀ ਨੁਕਸਾਨੀ ਸਲੈਬ ਤੇ ਪਿੱਲਰ ਦੀ ਮੁਰੰਮਤ ਲਈ ਯਤਨ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਇਸ ਕਾਰਨ ਪ੍ਰੇਸ਼ਾਨ ਹੋ ਰਹੇ ਹਨ। ਸ੍ਰੀ ਰਾਣਾ ਨੇ ਕਿਹਾ ਕਿ ਸਰਕਾਰ ਇਹ ਸਹੂਲਤ ਦੇਣ ਦੇ ਵਿੱਚ ਨਾਕਾਮਯਾਬ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਪੁਲ ਨਹੀਂ ਬਣਵਾ ਸਕਦੀ ਤਾਂ ਇਹ ਸਪਸ਼ਟ ਕੀਤਾ ਜਾਵੇ ਤਾਂ ਜੋ ਇਹ ਕੰਮ ਕਾਰ ਸੇਵਾ ਤਹਿਤ ਕਰਵਾਇਆ ਜਾਵੇ।
ਪੁਲ ਲਈ 17 ਕਰੋੜ ਰੁਪਏ ਜਾਰੀ: ਬੈਂਸ
ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਐਲਗਰਾਂ ਸਵਾਂ ਨਦੀ ਦੇ ਅਸੁਰੱਖਿਅਤ ਪੁਲ ਦੀ ਮੁਰੰਮਤ ਲਈ ਸਰਕਾਰ ਵੱਲੋਂ 17 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲ ਦੀ ਮੁਰੰਮਤ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਬਰਸਾਤ ਸ਼ੁਰੂ ਹੋ ਗਈ ਤਾਂ ਲੋਕਾਂ ਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ।