ਮੁਕੰਮਲ ਹੋਣ ਤੋਂ ਪਹਿਲਾਂ ਹੀ ਪੁਲ ਟੁੱਟਿਆ
ਅਮਲੋਹ ਹਲਕੇ ਦੇ ਪਿੰਡ ਭੱਦਲਥੂਹਾ ਤੋ ਪਿੰਡ ਘੁੱਲੂਮਾਜਰਾ ਨੂੰ ਜਾ ਰਹੀ ਸੜਕ ’ਤੇ ਸਥਿਤ ਰਜਵਾਹੇ ਦਾ ਪੁਲ ਮੁਕੰਮਲ ਹੋਣ ਤੋਂ ਪਹਿਲਾ ਹੀ ਟੁੱਟ ਗਿਆ ਜੋ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਰਪੰਚ ਬਲਵੀਰ ਸਿੰਘ ਘੱਲੂਮਾਜਰਾ ਨੇ ਅੱਜ ਇੱਥੇ...
ਅਮਲੋਹ ਹਲਕੇ ਦੇ ਪਿੰਡ ਭੱਦਲਥੂਹਾ ਤੋ ਪਿੰਡ ਘੁੱਲੂਮਾਜਰਾ ਨੂੰ ਜਾ ਰਹੀ ਸੜਕ ’ਤੇ ਸਥਿਤ ਰਜਵਾਹੇ ਦਾ ਪੁਲ ਮੁਕੰਮਲ ਹੋਣ ਤੋਂ ਪਹਿਲਾ ਹੀ ਟੁੱਟ ਗਿਆ ਜੋ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਰਪੰਚ ਬਲਵੀਰ ਸਿੰਘ ਘੱਲੂਮਾਜਰਾ ਨੇ ਅੱਜ ਇੱਥੇ ਦੱਸਿਆ ਕੀ 24 ਅਕਤੂਬਰ ਦੀ ਰਾਤ ਨੂੰ ਕਰੀਬ ਨੌਂ ਕੁ ਵਜੇ ਇਸ ਪੁਲ ਨੂੰ ਗੱਡੀਆਂ ਦੀਆਂ ਲਾਈਟਾਂ ਲਗਾ ਕੇ ਬਣਾਇਆ ਜਾ ਰਿਹਾ ਸੀ ਪ੍ਰੰਤੂ ਸਵੇਰੇ ਜਦੋਂ ਉਨ੍ਹਾਂ ਦੇਖਿਆ ਤਾਂ ਇਹ ਪੁਲ ਡਿੱਗਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਪੁਲ ਦੀ ਉਸਾਰੀ ਦਾ ਕੰਮ ਚੱਲਣ ਕਾਰਨ 15 ਦਿਨ ਤੋਂ ਇੱਥੋਂ ਆਵਾਜਾਈ ਬੰਦ ਹੋਣ ਕਾਰਨ ਡੇਢ ਦਰਜਨ ਦੇ ਕਰੀਬ ਪਿੰਡਾਂ ਦੇ ਵਾਸੀਆਂ ਨੂੰ ਦੂਰ ਦੁਰਾਡੇ ਤੋਂ ਹੋ ਕੇ ਆਉਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਇਹ ਕਾਰਜ ਪੰਜਾਬ ਮੰਡੀ ਬੋਰਡ ਅਧੀਨ ਹੈ। ਠੇਕੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਗਾਰਡਰ ਵਿਚਕਾਰ ਤੋਂ ਟੁੱਟ ਗਏ ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਅਗਲੇ 2-3 ਦਿਨ ਵਿੱਚ ਕੰਮ ਦੁਬਾਰਾ ਸ਼ੁਰੂ ਕਰਕੇ ਜਲਦ ਮੁਕੰਮਲ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪੰਚ ਪਾਲ ਸਿੰਘ, ਪੰਚ ਰਿਨੂੰ ਅਤੇ ਪੰਚ ਪਾਲ ਸਿੰਘ ਭੰਗੂ ਹਾਜ਼ਰ ਸਨ।
ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ: ਚੇਅਰਪਰਸਨ
ਮਾਰਕੀਟ ਕਮੇਟੀ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ ਨੇ ਦੱਸਿਆ ਕਿ ਉਹ ਮੌਕਾ ਦੇਖ ਕੇ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਗੇ ਅਤੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਵਿਭਾਗ ਦੇ ਜੇ ਈ ਮਿਲਨ ਸਿਆਲ ਨੇ ਕਿਹਾ ਕਿ ਜੇ ਕੰਮ ਦੌਰਾਨ 1 ਸਾਲ ਵਿੱਚ ਕੋਈ ਨੁਕਸਾਨ ਹੁੰਦਾ ਹੈ ਤਾਂ ਠੇਕੇਦਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਲਈ ਇਹ ਕੰਮ ਜਲਦ ਦੁਬਾਰਾ ਸ਼ੁਰੂ ਕਰਵਾ ਕੇ ਮੁਕੰਮਲ ਕਰਵਾਇਆ ਜਾਵੇਗਾ। ਪ੍ਰਾਪਤ ਸੂਚਨਾ ਅਨੁਸਾਰ ਇਹ ਸਾਰਾ ਕਾਰਜ ਪੰਜਾਬ ਮੰਡੀ ਬੋਰਡ ਤੋਂ ਸਿਧੇ ਤੌਰ ’ਤੇ 80 ਲੱਖ ਰੁਪਏ ਦੇ ਕਰੀਬ ਦਾ ਹੈ।

