ਗਲਤ ਦੂਰੀ ਦਰਸਾਉਂਦਾ ਬੋਰਡ ਪਾ ਰਿਹੈ ਭੁਲੇਖਾ
ਐੱਨ ਐੱਚ ਏ ਆਈ ਵੱਲੋਂ ਦੈਡ਼ੀ ਚੌਕ ਤੋਂ ਖਰਡ਼ ਦਾ ਫਾਸਲਾ 36 ਕਿਲੋਮੀਟਰ ਲਿਖਿਆ; ਹਵਾਈ ਅੱਡਾ ਚੰਡੀਗਡ਼੍ਹ ਦੇ ਨਾਲ ਮੁਹਾਲੀ ਨਾ ਲਿਖਣ ’ਤੇ ਇਤਰਾਜ਼; ਦੋਵੇਂ ਬੋਰਡਾਂ ਦੀ ਤੁਰੰਤ ਦੁਰਸਤੀ ਮੰਗੀ
ਬਨੂੜ ਤੋਂ ਲਾਂਡਰਾਂ-ਖਰੜ ਨੂੰ ਜਾਂਦੇ ਕੌਮੀ ਮਾਰਗ ’ਤੇ ਪਿੰਡ ਦੈੜੀ ਚੌਕ ਤੋਂ ਏਅਰਪੋਰਟ ਰੋਡ ਵੱਲ ਨੂੰ ਜਾਂਦੀ ਸੜਕ ਉੱਤੋਂ ਦੈੜੀ-ਕੁਰਾਲੀ ਐਕਸਪ੍ਰੈੱਸਵੇਅ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਅਗਲੇ ਕੁਝ ਦਿਨਾਂ ਵਿਚ ਇਸ ਸੜਕ ਦਾ ਉਦਘਾਟਨ ਹੋਣ ਵਾਲਾ ਹੈ ਪਰ ਐਕਸਪ੍ਰੈੱਸ ਵੇਅ ਦੇ ਸਬੰਧਿਤ ਚੌਕ ਨੇੜੇ ਨੈਸ਼ਨਲ ਹਾਈਵੇਅ ਅਥਾਰਿਟੀ (ਐੱਨ ਐੱਚ ਏ ਆਈ) ਵੱਲੋਂ ਲਾਏ ਗਏ ਵੱਡੇ-ਵੱਡੇ ਬੋਰਡ ਕਈ ਭੰਬਲਭੂਸੇ ਖੜ੍ਹੇ ਕਰ ਰਹੇ ਹਨ।
ਬਨੂੜ ਤੋਂ ਆਉਂਦੀ ਸੜਕ ’ਤੇ ਦੈੜੀ ਚੌਕ ਸੜਕ ਉੱਤੇ ਲਾਏ ਗਏ ਸਾਈਨ ਬੋਰਡਾਂ ਉੱਤੇ ਸਬੰਧਤ ਸਥਾਨ ਤੋਂ ਖਰੜ ਦਾ ਫਾਸਲਾ 36 ਕਿਲੋਮੀਟਰ ਦਰਸਾਇਆ ਗਿਆ ਹੈ, ਜਦੋਂ ਕਿ ਉੱਥੋਂ ਖਰੜ ਦਾ ਫ਼ਾਸਲਾ ਮਸੀਂ 15 ਤੋਂ 16 ਕਿਲੋਮੀਟਰ ਹੈ। ਇੱਥੋਂ ਤੱਕ ਕਿ ਬਨੂੜ ਤੋਂ ਖਰੜ ਦਾ ਫ਼ਾਸਲਾ ਵੀ ਸਿਰਫ਼ 24 ਕਿਲੋਮੀਟਰ ਹੈ ਅਤੇ ਜਿਸ ਸਥਾਨ ’ਤੇ ਇਹ ਬੋਰਡ ਲੱਗਿਆ ਹੋਇਆ ਹੈ ਉਹ ਬਨੂੜ ਤੋਂ ਅੱਠ ਕਿਲੋਮੀਟਰ ਦੂਰ ਹੈ। ਇੱਥੋਂ ਵੱਡੀ ਗਿਣਤੀ ਵਿਚ ਲੰਘਦੇ ਰਾਹਗੀਰਾਂ ਵਿਚ ਖਰੜ ਦੀ ਬੋਰਡ ਉੱਤੇ ਦਰਸਾਈ ਲੰਬਾਈ ਨੂੰ ਲੈ ਕੇ ਭੰਬਲਭੂਸਾ ਹੈ, ਜਿਸ ਨੂੰ ਤੁਰੰਤ ਦਰੁਸਤ ਕੀਤੇ ਜਾਣ ਦੀ ਮੰਗ ਕਰ ਰਹੇ ਹਨ।
ਇਸੇ ਤਰਾਂ ਇਸ ਚੌਕ ਦੇ ਦੋਵੇਂ ਪਾਸੇ ਚੌਕ ਤੋਂ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਵੱਲ ਨੂੰ ਜਾਂਦੀ ਸੜਕ ਸਬੰਧੀ ਲਗਾਏ ਗਏ ਸਾਈਨ ਬੋਰਡਾਂ ਤੇ ਵੀ ਲੋਕਾਂ ਨੇ ਸਵਾਲ ਚੁੱਕੇ ਹਨ। ਇਨ੍ਹਾਂ ਬੋਰਡਾਂ ਉੱਤੇ ਤਿੰਨੋਂ ਭਾਸ਼ਾਵਾਂ ਵਿਚ ਹਵਾਈ ਅੱਡਾ ਚੰਡੀਗੜ੍ਹ ਲਿਖਿਆ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੇ ਨਾਲ ਮੁਹਾਲੀ ਵੀ ਜ਼ਰੂਰ ਦਰਜ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਹਵਾਈ ਅੱਡਾ ਮੁਹਾਲੀ ਦੀ ਜ਼ਮੀਨ ਵਿਚ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਸੀ ਕਿ ਮੁਹਾਲੀ ਵਿਚ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਅਨੇਕਾਂ ਬੋਰਡਾਂ ਉੱਤੇ ਹਵਾਈ ਅੱਡੇ ਦੇ ਨਾਲ ਮੁਹਾਲੀ ਦਰਜ ਹੈ ਤਾਂ ਫਿਰ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਇੱਥੇ ਲਗਾਏ ਬੋਰਡਾਂ ਉੱਤੇ ਅਜਿਹਾ ਕਿਉਂ ਨਹੀਂ ਕੀਤਾ ਗਿਆ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਤੋਂ ਮੰਗ ਕੀਤੀ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਦੈੜੀ ਚੌਕ ਨੇੜੇ ਲਗਾਏ ਗਏ ਸਾਈਨ ਬੋਰਡਾਂ ਉੱਤੇ ਕੀਤੀਆਂ ਗਲਤੀਆਂ ਨੂੰ ਠੀਕ ਕਰਾਇਆ ਜਾਵੇ।

