ਬਲਵਿੰਦਰ ਰੈਤ
ਨੰਗਲ, 12 ਜੁਲਾਈ
ਨੰਗਲ-ਕਲਵਾਂ ਮੌੜ ਮੇਨ ਸੜਕ ’ਤੇ ਪੈਂਦੇ ਪਿੰਡ ਐਲਗਰਾਂ ਸਵਾਂ ਨਦੀ ’ਤੇ ਬਣਿਆ ਪੱਕਾ ਪੁਲ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੈ। ਲਗਭਗ ਇੱਕ ਕਿਲੋਮੀਟਰ ਲੰਮੇ ਪੁਲ ਨੂੰ ਲੋਕ ਨਿਰਮਾਣ ਵਿਭਾਗ ਨੇ ਅਸੁਰੱਖਿਅਤ ਕਰਾਰ ਦੇ ਕੇ ਦੋ ਸਾਲ ਤੋਂ ਆਵਾਜਾਈ ਲਈ ਮੁਕੰਮਲ ਬੰਦ ਕਰ ਦਿੱਤਾ ਹੈ, ਜਦਕਿ ਇਸ ਤੋਂ ਦੋ ਪਹੀਆਂ ਵਾਹਨਾਂ ਦੇ ਲੰਘਾਉਣ ਦੀ ਇਜਾਜ਼ਤ ਹੈ।
ਸਵਾਂ ਨਦੀ ਵਿੱਚ ਆਏ ਤੇਜ਼ ਪਾਣੀਆਂ ਨੇ ਪੁਲ ਦੇ ਪਿੱਲਰਾਂ ਨੂੰ ਖਿਸਕਾ ਦਿੱਤਾ ਹੈ ਜਿਸ ਕਰਕੇ ਪੁਲ ਡਿੱਗਣ ਦਾ ਖਦਸ਼ਾ ਹੈ। ਇਸ ਪੁਲ ਦਾ ਨੀਂਹ ਪੱਥਰ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਰਖਵਾ ਕੇ ਨਿਰਮਾਣ ਕਰਵਾਇਆ ਸੀ। ਕਾਂਗਰਸ ਦੇ ਸੁਖਸਾਲ ਦੇ ਮੰਡਲ ਪ੍ਰਧਾਨ ਰਾਜੂ ਭੀਖਾਪੁਰ ਅਤੇ ਰਣਬੀਰ ਸਿੰਘ ਬੇਲਾ ਰਾਮਗੜ੍ਹ ਨੇ ਦੱਸਿਆ ਕਿ ਕਾਂਗਰਸ ਸਰਕਾਰ ਆਉਣ ’ਤੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਇਸ ਪੁਲ ਦਾ ਉਦਘਾਟਨ ਕਰਕੇ ਹਲਕੇ ਦੇ ਲੋਕਾਂ ਨੂੰ ਸਪੁਰਦ ਕੀਤਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਲੋੜ ਸਮਝੇ ਜਾਂਦੇ ਇਸ ਬੰਦ ਪਏ ਪੁਲ ਵੱਲ ਮੌਜੂਦਾ ਸਰਕਾਰ ਦਾ ਕੋਈ ਧਿਆਨ ਨਹੀ ਹੈ ਜਿਸ ਕਾਰਨ ਲੋਕਾਂ ’ਚ ਰੋਸ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਪੁਲ ਦੀ ਮੁਰੰਮਤ ਕਰਵਾਉਣ ਲਈ ਸਬੰਧਿਤ ਮਹਿਕਮੇ ਨੂੰ ਹੁਕਮ ਜਾਰੀ ਕੀਤੇ ਜਾਣ। ਦੂਜੇ ਪਾਸੇ ਹਲਕੇ ਦੇ ਵਿਧਾਇਕ ਹਰਜੋਤ ਸਿੰਘ ਬੈੰਸ ਨੇ ਇਸ ਪੁਲ ਦੀ ਮੁਰੰਮਤ ਲਈ 17 ਕਰੋੜ ਰੁਪਏ ਮਨਜ਼ੂਰ ਹੋਣ ਦੀ ਗੱਲ ਕਰਦਿਆਂ ਇਹ ਐਲਾਨ ਕੀਤਾ ਸੀ ਕਿ ਇਸ ਦਾ ਕੰਮ ਇੱਕ ਜੁਲਾਈ ਤੋਂ ਸ਼ੁਰੂ ਕਰਵਾਇਆ ਜਾ ਰਿਹਾ ਹੈ ਪਰ ਪੁਲ ਦਾ ਕੰਮ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ।